ਉਜਰਤ ਨਾ ਮਿਲਣ ਕਾਰਨ ਮਨਰੇਗਾ ਕਾਮਿਆਂ ’ਚ ਰੋਸ
ਪੱਤਰ ਪ੍ਰੇਰਕਬਲਾਚੌਰ, 7 ਜੁਲਾਈ
ਸਾਂਝਾ ਕਿਸਾਨ-ਮਜ਼ਦੂਰ ਮੋਰਚਾ ਪਿੰਡ ਟੌਂਸਾ ਦੀ ਮੀਟਿੰਗ ਸਾਬਕਾ ਸਰਪੰਚ ਸੁਖਦੇਵ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਜ਼ਿਆਦਾਤਰ ਪਿੰਡਾਂ ’ਚ ਮਨਰੇਗਾ ਦਾ ਕੰਮ ਬੰਦ ਪਿਆ ਹੈ ਅਤੇ ਪਿਛਲੇ ਦੋ ਮਹੀਨੇ ਦੌਰਾਨ ਕੀਤੇ ਕੰਮ ਦੀ ਉਜਰਤ ਵੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਮਨਰੇਗਾ ਕਰਮਚਾਰੀਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਮਨਰੇਗਾ ਐਕਟ ਦੀ ਘੋਰ ਉਲੰਘਣਾ ਕਰ ਰਹੇ ਹਨ ਤੇ ਸਿੱਟੇ ਵਜੋਂ ਮਜ਼ਦੂਰਾਂ ਅਤੇ ਕਰਮਚਾਰੀਆਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ।
ਰਾਣਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੇ ਪਿੰਡਾਂ ਵਿੱਚ ਮਨਰੇਗਾ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ ਪੰਜਾਬ ਵਿੱਚ ਕਿਰਤੀਆਂ ਅਤੇ ਕਰਮਚਾਰੀਆਂ ਦਾ ਕੀਤੇ ਕੰਮ ਦਾ ਬਕਾਇਆ ਜੋ 240 ਕਰੋੜ ਦੇ ਕਰੀਬ ਬਣਦਾ ਹੈ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕਿਰਤੀਆਂ ਦੀ ਹਾਜ਼ਰੀ ਕੇਵਲ ਕੰਮ ਵਾਲੀ ਥਾਂ ’ਤੇ ਹੀ ਲਾਈ ਜਾਵੇ ਅਤੇ ਮਨਰੇਗਾ ਕਾਨੂੰਨ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ। ਮੀਟਿੰਗ ਵਿੱਚ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਹੜਤਾਲ ਨੂੰ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ।