ਐਡਵੋਕੇਟ ਅਮਨਦੀਪ ਕੌਰ ਨੂੰ ਧਮਕੀਆਂ ਦੇਣ ਦਾ ਵਿਰੋਧ
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਨੇ ਐਡਵੋਕੇਟ ਅਮਨਦੀਪ ਕੌਰ ਨੂੰ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਕਰਕੇ ਧਮਕੀਆਂ ਦੇਣ, ਆਰ ਐੱਸ ਐੱਸ ਵਿਰੁੱਧ ਨਾ ਬੋਲਣ, ਪਾਕਿਸਤਾਨ ਦੀ ਏਜੰਟ ਕਹਿਣ ਅਤੇ ਦੇਸ਼ ਛੱਡ ਜਾਣ ਦੀ ਧਮਕੀ ਦੇਣ ਦੀ ਨਿਖੇਧੀ...
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਨੇ ਐਡਵੋਕੇਟ ਅਮਨਦੀਪ ਕੌਰ ਨੂੰ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਕਰਕੇ ਧਮਕੀਆਂ ਦੇਣ, ਆਰ ਐੱਸ ਐੱਸ ਵਿਰੁੱਧ ਨਾ ਬੋਲਣ, ਪਾਕਿਸਤਾਨ ਦੀ ਏਜੰਟ ਕਹਿਣ ਅਤੇ ਦੇਸ਼ ਛੱਡ ਜਾਣ ਦੀ ਧਮਕੀ ਦੇਣ ਦੀ ਨਿਖੇਧੀ ਕੀਤੀ ਹੈ। ਜਮਹੂਰੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਅਤੇ ਸੂਬਾ ਕਮੇਟੀ ਆਗੂਆਂ ਯਸ਼ਪਾਲ ਝਬਾਲ, ਐਡਵੋਕੇਟ ਅਮਰਜੀਤ ਬਾਈ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਲੋਕਪੱਖੀ ਵਕੀਲ ਅਮਨਦੀਪ ਕੌਰ, ਜਮਹੂਰੀ ਫਰੰਟ ਅਤੇ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਹੈ ਜੋ ਪੰਜਾਬ ਯੂਨੀਵਰਸਿਟੀ ਦੀ ਰਾਖੀ ਲਈ ਆਵਾਜ਼ ਬੁਲੰਦ ਕਰਕੇ ਬਤੌਰ ਜਾਗਰੂਕ ਨਾਗਰਿਕ ਆਪਣਾ ਫਰਜ਼ ਨਿਭਾਅ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਉਤੇ ਸਿੱਖਿਆ ਦਾ ਭਗਵਾਂਕਰਨ, ਨਿੱਜੀਕਰਨ ਅਤੇ ਕੇਂਦਰੀਕਰਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹੀਆਂ ਲੋਕ ਵਿਰੋਧੀ ਤਾਕਤਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਹਮੇਸ਼ਾ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਵਿਚ ਡਟਦੀ ਆਈ ਹੈ ਅਤੇ ਫਾਸ਼ੀਵਾਦੀ ਧਮਕੀਆਂ ਤੋਂ ਡਰਕੇ ਇਹ ਨਾ ਕਦੇ ਖ਼ਾਮੋਸ਼ ਹੋਈ ਹੈ ਅਤੇ ਨਾ ਹੋਵੇਗੀ।
ਉਨ੍ਹਾਂ ਆਖਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਜਿਹੇ ਕਥਿਤ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤਪਨਾਹੀ ਕਰਨਾ ਬੰਦ ਕਰੇ ਅਤੇ ਧਮਕੀ ਦੇਣ ਵਾਲਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ।

