ਚੀਫ ਜਸਟਿਸ ਵੱਲ ਜੁੱਤੀ ਸੁੱਟਣ ਖ਼ਿਲਾਫ਼ ਰੋਸ ਮੁਜ਼ਾਹਰਾ
ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ; ਸੋਨਮ ਵਾਂਗਚੁੱਕ ਦੀ ਰਿਹਾਈ ਲਈ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਸਿਵਲ ਸੁਸਾਇਟੀ ਤਲਵਾੜਾ ਵੱਲੋਂ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁੱਕ ਦੀ ਰਿਹਾਈ ਅਤੇ ਕੋਰਟ ਰੂਮ ’ਚ ਦੇਸ਼ ਦੇ ਚੀਫ ਜਸਟਿਸ ਬੀਆਰ ਗਵਈ ਵੱਲ ਜੁੱਤੀ ਸੁੱਟਣ ਦੇ ਮਾਮਲੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਸਥਾਨਕ ਮਾਹਾਰਾਣਾ ਪ੍ਰਤਾਪ ਚੌਕ ’ਤੇ ਇੱਕਤਰ ਸਿਵਲ ਸੁਸਾਇਟੀ ਮੈਂਬਰਾਂ ਨੇ ਦੋਵੇਂ ਘਟਨਾਵਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਸੁਸਾਇਟੀ ਨੇ ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾਈ ਅਤੇ ਮੁਲਜ਼ਮ ਵਕੀਲ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਬੋਲਦਿਆਂ ਬੋਧ ਰਾਜ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਰਾਜੀਵ ਸ਼ਰਮਾ, ਕੁੰਦਨ ਲਾਲ, ਸੁਮੇਸ਼ ਭਾਟੀਆ, ਜਸਵਿੰਦਰ ਸਿੰਗਲਾ, ਮਨੋਜ ਕੁਮਾਰ ਨੇ ਕਿਹਾ ਕਿ ਵਾਂਗਚੁੱਕ ਪਿਛਲੇ ਲੰਮੇ ਸਮੇਂ ਤੋਂ ਲੱਦਾਖ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਰਾਜ ਦਾ ਦਰਜਾ ਬਹਾਲ ਕਰਨ ਅਤੇ ਸਪੈਸ਼ਲ ਦਰਜੇ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਨੇ ਵਾਂਗਚੁੱਕ ’ਤੇ ਰਾਸ਼ਟਰੀ ਸੁਰੱਖਿਆ ਐਕਟ ਦੀਆਂ ਸਖ਼ਤ ਧਾਰਾਵਾਂ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਸਰਕਾਰ ਦੀ ਇਸ ਕਾਰਵਾਈ ਤੋਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਵਾਤਾਵਰਨ ਪ੍ਰੇਮੀਆਂ, ਮਨੁੱਖੀ ਅਧਿਕਾਰਾਂ ਤੇ ਸਮਾਜਿਕ ਕਾਰਕੁਨਾਂ ’ਚ ਰੋਸ ਹੈ।
ਬੀਤੇ ਦਿਨੀਂ ਕੋਰਟ ਰੂਮ ’ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲ ਜੁੱਤੀ ਸੁੱਟਣ ਦੇ ਮਾਮਲੇ ਦੀ ਬੁਲਾਰਿਆਂ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਇਸ ਕਾਰਵਾਈ ਨੂੰ ਆਰਐੱਸਐੱਸ ਭਾਜਪਾ ਦੀ ਨਫ਼ਰਤੀ ਰਾਜਨੀਤੀ ਦਾ ਨਤੀਜਾ ਦੱਸਿਆ ਹੈ। ਬੁਲਾਰਿਆਂ ਨੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਮੁਲਜ਼ਮ ਵਕੀਲ ਨੂੰ ਹੀਰੋ ਬਣਾ ਕੇ ਪੇਸ਼ ਕਰਨ ’ਤੇ ਵੀ ਇਤਰਾਜ਼ ਜਤਾਇਆ ਹੈ। ਮੋਦੀ ਸਰਕਾਰ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ, ਵਾਤਾਵਰਨ ਪ੍ਰੇੇਮੀਆਂ ਅਤੇ ਪ੍ਰਗਤੀਸ਼ੀਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿਵਲ ਸੁਸਾਇਟੀ ਤਲਵਾੜਾ ਨੇ ਕਿਹਾ ਕਿ ਭਾਰਤ ਵਰਗੇ ਵਿਸ਼ਾਲ ਅਤੇ ਧਰਮ ਨਿਰਪੱਖ ਮੁਲਕ ਅੰਦਰ ਅਜਿਹੀਆਂ ਫਿਰਕੂ ਹਰਕਤਾਂ ਅਤੇ ਬਦਲਾਲਊ ਕਾਰਵਾਈਆਂ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਨ੍ਹਾਂ ਕਾਰਵਾਈਆਂ ’ਤੇ ਰੋਕ ਲਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਫਗਵਾੜਾ ’ਚ ‘ਆਪ’ ਦੇ ਐੱਸਸੀ ਵਿੰਗ ਨੇ ਪੁਤਲਾ ਫੂੁਕਿਆ
ਫਗਵਾੜਾ (ਜਸਬੀਰ ਸਿੰਘ ਚਾਨਾ): ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਅੰਦਰ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ’ਤੇ ਇੱਕ ਵਕੀਲ ਵਲੋਂ ਜੁੱਤੀ ਸੁੱਟਣ ਦੀ ਘਟਨਾ ਦੇ ਵਿਰੋਧ ’ਚ ਅੱਜ ਆਮ ਆਦਮੀ ਪਾਰਟੀ ਐਸ.ਸੀ ਵਿੰਗ ਪੰਜਾਬ ਵਲੋਂ ਸੂਬੇ ਭਰ ’ਚ ਭਾਜਪਾ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਇਸੇ ਲੜੀ ਤਹਿਤ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ ਦੀ ਅਗਵਾਈ ’ਚ ਭਾਜਪਾ ਦੀ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਨੰਗਲ ਨੇ ਕਿਹਾ ਕਿ ਚੀਫ ਜਸਟਿਸ ’ਤੇ ਹਮਲਾ ਦਰਅਸਲ ਦੇਸ਼ ਦੇ ਸੰਵਿਧਾਨ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਦੇਸ਼ ਨੂੰ ਵੰਡਣ ਵਾਲੀ ਨੀਤੀ ’ਤੇ ਕੰਮ ਕਰਦੀ ਆ ਰਹੀ ਹੈ ਤੇ ਦਲਿਤ ਸਮਾਜ ਪ੍ਰਤੀ ਉਸ ਦੀ ਸੋਚ ਹਮੇਸ਼ਾ ਨਕਾਰਾਤਮਕ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ ਪਰ ਅੱਜ ਤੱਕ ਉਸ ਲਈ ਮੁਆਫ਼ੀ ਨਹੀਂ ਮੰਗੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਜੈ ਪੰਡੋਰੀ, ਹਲਕਾ ਕੋਆਰਡੀਨੇਟਰ ਜਸਦੇਵ ਸਿੰਘ, ਬਲਰਾਜ ਬਾਊ, ਬਲਾਕ ਪ੍ਰਧਾਨ ਕੇਵਲਪ੍ਰੀਤ ਸਿੰਘ, ਡਾ. ਰਮੇਸ਼, ਅਵਤਾਰ ਸਿੰਘ, ਬੂਟਾ ਰਾਮ, ਪਵਨ ਕੁਮਾਰ, ਲਲਿਤ ਮਦਾਨ, ਜੱਸੀ ਗੰਡਵਾਂ, ਹਰਮੇਸ਼ ਪਾਲ ਸਿੰਘ, ਕਰਨਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।