ਬਿਸਤ ਦੁਆਬ ਨਹਿਰ ਕਿਨਾਰੇ ਰੇਲਿੰਗ ਨਾ ਲਗਾਉਣ ਵਿਰੁੱਧ ਮੁਜ਼ਾਹਰਾ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਜੁਲਾਈ
ਸਥਾਨਕ ਸ਼ਹਿਰ ਦੇ ਬਾਹਰਵਾਰ ਅੱਡਾ ਕੋਟ ਫਤੂਹੀ ਵੱਲ ਜਾਣ ਵਾਲੀ ਬਿਸਤ ਦੁਆਬ ਨਹਿਰ ਦੇ ਕਿਨਾਰੇ ਨਹਿਰੀ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਰੇਲਿੰਗ ਨਾ ਹੋਣ ਵਿਰੁੱਧ ਸਥਾਨਕ ਪਿੰਡਾਂ ਦੇ ਵਸਨੀਕਾਂ ਵੱਲੋਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਦੱਸਣਯੋਗ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਇਸ ਨਹਿਰ ਵਿੱਚ ਪਿਛਲੇ ਦਿਨਾਂ ਦੌਰਾਨ ਕੋਈ ਨਾ ਕੋਈ ਵਾਹਨ ਡਿੱਗਣ ਦੇ ਹਾਦਸੇ ਅਕਸਰ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਾਦਸਿਆਂ ਦੀ ਰੋਕਥਾਮ ਲਈ ਕੋਈ ਕਦਮ ਨਾ ਉਠਾਉਣ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਗੜ੍ਹਸ਼ੰਕਰ ਤੋਂ ਕੋਟਫਤੂਹੀ ਤੱਕ ਦੀ ਕੁੱਲ ਲੰਬਾਈ ਲਗਭਗ 19 ਕਿਲੋ ਮੀਟਰ ਹੈ ਤੇ ਇਸ ਸੜਕ ਦੀ ਮੁਰੰਮਤ ਪ੍ਰਤੀ ਪ੍ਰਸ਼ਾਸਨ ਨੇ ਕਦੇ ਕੋਈ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਨਹਿਰ ਦੇ ਸਾਈਫਨ ਤੇ ਪੁਲੀਆਂ ਦੀ ਕੋਈ ਸਾਫ-ਸਫ਼ਾਈ ਨਹੀਂ ਕੀਤੀ ਅਤੇ ਨਾ ਹੀ ਸੜਕ ਦੇ ਆਲੇ ਦੁਆਲੇ ਬਰਮ ਬੰਨ੍ਹੇ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਪਿਛਲੇ ਇਕ ਹਫ਼ਤੇ ਵਿੱਚ ਹੀ ਤਿੰਨ ਵਾਹਨ ਨਹਿਰ ਦੇ ਪਾਣੀ ਵਿੱਚ ਡਿੱਗ ਚੁੱਕੇ ਹਨ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੀੜਤ ਲੋਕਾਂ ਦੀ ਸਾਰ ਲੈਣ ਨਹੀਂ ਆਇਆ। ਇਸ ਮੌਕੇ ਅੱਡਾ ਟੈਕਸੀ ਯੂਨੀਅਨ ਦੇ ਪ੍ਰਧਾਨ ਓਪੀ ਸਿੰਘ ਨੇ ਕਿਹਾ ਕਿ ਇੱਥੇ ਵਾਪਰ ਰਹੇ ਹਾਦਸਿਆਂ ਤੋਂ ਪ੍ਰਸ਼ਾਸਨ ਨੇ ਕਦੇ ਕੋਈ ਸਬਕ ਨਹੀਂ ਸਿੱਖਿਆ ਅਤੇ ਨਾ ਹੀ ਲੋਕਾਂ ਦੀ ਸੁਰੱਖਿਆ ਪ੍ਰਤੀ ਕੋਈ ਵਚਨਬੱਧਤਾ ਦਿਖਾਈ ਹੈ। ਧੀਮਾਨ ਨੇ ਕਿਹਾ ਕਿ ਜਲਦੀ ਹੀ ਇਹ ਸਾਰੀਆਂ ਤਰੁੱਟੀਆਂ ਬਾਰੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਨਹਿਰ ਅਤੇ ਸੜਕਾਂ ਨਾਲ ਸਬੰਧਤ ਵਿਭਾਗ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਇਸ ਪਾਸੇ ਕੋਈ ਕਾਰਵਾਈ ਨਾ ਹੋਈ ਤਾਂ ਵੱਖ ਵੱਖ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਪਾਲ, ਰਾਜੀਵ ਕੁਮਾਰ, ਤਜਿੰਦਰ ਕੁਮਾਰ, ਰਾਜ ਕੁਮਾਰ, ਮੋਹਿੰਦਰ ਪੰਡੋਰੀ, ਜਤਿੰਦਰ ਮਨਨਹਾਨਾ, ਸੁਰਿੰਦਰ ਬਹਿਬਲ ਪੁਰ, ਜੱਸੀ ਮਖਸੂਸਪੁਰ, ਸਤਨਾਮ ਸਿੰਘ, ਸੋਢੀ ਮਨਨਹਾਨਾ, ਗਗਨ ਖੈਰੜ, ਬਿੱਲਾ ਪੰਡੋਰੀ, ਵਰਿੰਦਰ ਮੰਨਨਹਾਨਾ, ਕੁਲਦੀਪ ਸਿੰਘ, ਭੁਪਿੰਦਰ ਖੈਰੜ, ਸੇਮਾ ਪਚਨੰਗਲਾਂ, ਮਨੀ ਰਾਜਪੁਰ ਆਦਿ ਹਾਜ਼ਰ ਸਨ।