ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਦੇਣ ਖ਼ਿਲਾਫ਼ ਧਰਨਾ
ਮ੍ਰਿਤਕਾਂ ਦੇ ਪਰਿਵਾਕ ਮੈਂਬਰਾਂ ਨੂੰ 25 ਲੱਖ ਰੁਪਏ ਤੇ ਫ਼ਸਲਾਂ ਲਈ 70 ਹਜ਼ਾਰ ਰੁਪਏ ਦੇਣ ਦੀ ਮੰਗ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲੋਕਾਂ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦੇ ਕੇ ਉਨ੍ਹਾਂ ਲਈ ਉੱਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ| ਮਜ਼ਦੂਰ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਚਮਨ ਲਾਲ ਦਰਾਜਕੇ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਜ਼ਿਲ੍ਹਾ ਭਰ ਦੇ ਵੱਖ ਵੱਖ ਪਿੰਡਾਂ ਤੋਂ ਪੀੜਤ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਹੜ੍ਹਾਂ ਦੀ ਮਾਰ ਸਹਿ ਰਹੇ ਲੋਕਾਂ ਨੂੰ ਸਰਕਾਰ ਵਲੋਂ ਅੱਜ ਤਕ ਵੀ ਕੁਝ ਵੀ ਮੁਆਵਜ਼ਾ ਨਾ ਦੇਣ ਦੀ ਨਿਖੇਧੀ ਕੀਤੀ| ਇਸ ਮੌਕੇ ਹੋਰਨਾ ਤੋਂ ਇਲਾਵਾ ਪਾਰਟੀ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ,ਮਨਜੀਤ ਸਿੰਘ ਬੱਗੂ ਨੇ ਵੀ ਸੰਬੋਧਨ ਕੀਤਾ|
ਜਾਮਾਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਠੋਸੀ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੀ ਪਾਣੀ ਸਟੋਰ ਕਰਨ ਅਤੇ ਛੱਡਣ ਵੇਲੇ ਵਰਤੀ ਅਣਗਹਿਲੀ ਅਤੇ ਗੈਰ-ਸੰਵੇਦਨਾਂ ਦੀ ਪੜਤਾਲ ਕਰਨ ਦੀ ਲੋੜ ਹੈ| ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਮੰਗ ਕੀਤੀ ਕਿ ਹੜ੍ਹਾਂ ਨਾਲ ਹੋਈਆਂ ਮੌਤਾਂ ਲਈ ਪੀੜਤ ਪਰਿਵਾਰਾਂ ਨੂੰ 25 ਲੱਖ ਰੁਪਏ, ਬਰਬਾਦ ਹੋਈਆਂ ਫ਼ਸਲਾਂ ਲਈ 70 ਹਜ਼ਾਰ ਰੁਪਏ ਅਤੇ ਗੰਨੇ ਦੀ ਫ਼ਸਲ ਲਈ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ|
ਪਠਾਨਕੋਟ (ਐੱਨ ਪੀ ਧਵਨ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ ਹੜ੍ਹ ਪੀੜਤਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਹੜ੍ਹ ਪੀੜਤਾਂ ਦੇ ਜਾਨੀ-ਮਾਲੀ ਤੇ ਹੋਰ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਹੜ੍ਹਾਂ ਦੀ ਰੋਕਥਾਮ ਦੇ ਅਗਾਊਂ ਪ੍ਰਬੰਧ ਕਰਨ ਪੱਖੋਂ ਹੋਈਆਂ ਕੁਤਾਹੀਆਂ, ਭ੍ਰਿਸ਼ਟਾਚਾਰ ਤੇ ਗ਼ੈਰਕਾਨੂੰਨੀ ਮਾਈਨਿੰਗ ਤੇ ਜੰਗਲਾਂ ਦੀ ਕਟਾਈ ਲਈ ਜ਼ਿੰਮੇਵਾਰ ਉੱਚ ਅਧਿਕਾਰੀਆਂ, ਮੰਤਰੀਆਂ ਤੇ ਵਿਧਾਇਕਾਂ ਦੀ ਪੜਤਾਲ ਕਰਵਾ ਮਿਸਾਲੀ ਸਜ਼ਾ ਦਿੱਤੀ ਜਾਵੇ ਅਤੇ ਕੇਂਦਰ ਸਰਕਾਰ ਪੰਜਾਬ ਦੇ ਮੁੜ-ਵਸੇਬੇ ਲਈ ਘੱਟੋ-ਘੱਟ ਚਾਲੀ ਹਜ਼ਾਰ ਕਰੋੜ ਰੁਪਏ ਦੀ ਰਾਹਤ ਰਾਸ਼ੀ ਫੌਰੀ ਜਾਰੀ ਕਰੇ, ਹੜ੍ਹਾਂ ਕਰਕੇ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਘੱਟੋ-ਘੱਟ 25 ਲੱਖ ਰੁਪਏ ਮੁਆਵਜ਼ਾ ਤੇ ਮ੍ਰਿਤਕ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ।
ਜਲੰਧਰ (ਹਤਿੰਦਰ ਮਹਿਤਾ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜਲੰਧਰ-ਕਪੂਰਥਲਾ ਵਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਰ ਵਿਖੇ ਇਕੱਠ ਕਰਨ ਤੋਂ ਬਾਅਦ ਡੀਸੀ ਜਲੰਧਰ ਨੂੰ ਇੱਕ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁਖ ਮੰਤਰੀ ਲਈ ਭੇਜਿਆ ਗਿਆ। ਇਸ ਮੰਗ ਪੱਤਰ ‘ਚ ਹੜ੍ਹ ਪੀੜਤਾਂ ਅਤੇ ਬਾਰਸ਼ਾਂ ਕਾਰਨ ਪੈਦਾ ਹੋਈ ਦੁਰਦਸ਼ਾ ਬਾਰੇ ਜਾਣੂੰ ਕਰਵਾਉਣ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਵੱਲੋਂ ਉਨ੍ਹਾਂ ਪ੍ਰਤੀ ਅਪਣਾਈ ਜਾ ਰਹੀ ਅਣਗਹਿਲੀ ਖਿਲਾਫ਼ ਰੋਸ ਮੁਜ਼ਾਹਰੇ ਕੀਤਾ ਗਿਆ। ਇਸ ਦਾ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਨੇ ਕੀਤੀ। ਇਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਹੜ੍ਹਾਂ ਦੀ ਸਮੱਸਿਆ ਕੁਦਰਤੀ ਘੱਟ ਮਨੁੱਖੀ ਅਣਗਹਿਲੀਆਂ ਦਾ ਸਿੱਟਾ ਵੱਧ ਹੈ।
ਮੁਆਵਜ਼ੇ ਲਈ ਆਰ ਐੱਮ ਪੀ ਆਈ ਵੱਲੋਂ ਪ੍ਰਦਰਸ਼ਨ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਭਾਰਤ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ ਐੱਮ ਪੀ ਆਈ ) ਵੱਲੋਂ ਹੜ੍ਹ ਪੀੜਤਾਂ ਦੇ ਜਾਨੀ - ਮਾਲੀ, ਫ਼ਸਲਾਂ ਤੇ ਹੋਰ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਲੈਣ ਸਬੰਧੀ ਅਤੇ ਪ੍ਰਸ਼ਾਸ਼ਨਿਕ ਮਸ਼ੀਨਰੀ ਵੱਲੋਂ ਉਨ੍ਹਾਂ ਪ੍ਰਤੀ ਅਪਣਾਈ ਜਾ ਰਹੀ ਅਣਦੇਖੀ ਵਾਲੀ ਨੀਤੀ ਖਿਲਾਫ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੀ ਪ੍ਰਧਾਨਗੀ ਆਰ ਐਮ ਪੀ ਆਈ ਦੇ ਆਗੂਆ ਹਰਪ੍ਰੀਤ ਸਿੰਘ ਬੁਟਾਰੀ , ਕੁਲਵੰਤ ਸਿੰਘ ਮੱਲੂਨੰਗਲ,ਜਗਤਾਰ ਸਿੰਘ ਕਰਮਪੁਰਾ ਤੇ ਮੁਖਤਿਆਰ ਸਿੰਘ ਮੁਹਾਵਾ ਨੇ ਕੀਤੀ । ਇਸ ਮੌਕੇ ਸਮੂਹ ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੂਬੇ ਦੇ ਹੜ੍ਹ ਪੀੜਤਾਂ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਦੀ ਪੂਰਤੀ ਘੱਟੋਘੱਟ 40 ਹਜ਼ਾਰ ਕਰੋੜ ਰੁਪਏ ਅੰਤਿ੍ਮ ਰਾਹਿਤ ਵੱਜੋਂ ਦਿੱਤੇ ਜਾਣ ਅਤੇ ਸਮੂਚੇ ਹੜ੍ਹ ਪੀੜਤਾਂ ਪਰਿਵਾਰਾਂ ਤੇ ਖਾਸ ਕਰਕੇ ਬੇਜ਼ਮੀਨੇ , ਸਾਧਨਹੀਨ ਕਿਰਤੀਆਂ , ਗਰੀਬ ਕਿਸਾਨਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਘੱਟੋ ਘੱਟ 1 ਲੱਖ ਰੁਪਏ ਪ੍ਰਤੀ ਪਰਿਵਾਰ ਰਾਹਤ ਵਜੋਂ ਦੇਣ ਦੀ ਮੰਗ ਕੀਤੀ । ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੋਸ਼ ਲਾਇਆ ਕਿ ਇਹ ਹੜ੍ਹ ਕੁਦਰਤੀ ਕਰੋਪੀ ਨਹੀਂ, ਕੇਂਦਰ ਤੇ ਪੰਜਾਬ ਸਰਕਾਰ ਦੇ ਡੈਮਾਂ ਨੂੰ ਕੰਟਰੋਲ ਕਰਨ ਵਾਲੇ ਪ੍ਰਸ਼ਾਸ਼ਨ ਦੀ ਘੋਰ ਲਾਪਰਵਾਹੀ ਅਤੇ ਪੰਜਾਬ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੁੰਦੇ ਰਹੇ ਗੈਰ ਕਾਨੂੰਨੀ ਖਨਨ ਤੇ ਵਣਾਂ ਦੀ ਕਟਾਈ ਕਰਕੇ ਵੀ ਭਾਰੀ ਤਬਾਹੀ ਹੋਈ ਹੈ ।