ਬਲਾਚੌਰ-ਹੁਸ਼ਿਆਰਪੁਰ-ਦਸੂਹਾ ਸੜਕ ਨੂੰ ਕੌਮੀ ਸ਼ਾਹਰਾਹ ਐਲਾਨਣ ਦਾ ਪ੍ਰਸਤਾਵ ਕੇਂਦਰ ਨੂੰ ਭੇਜਿਆ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਜੂਨ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਬਲਾਚੌਰ-ਹੁਸ਼ਿਆਰਪੁਰ-ਦਸੂਹਾ ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਸਬੰਧ ਵਿਚ ਦੋਵਾਂ ਆਗੂਆਂ ਵੱਲੋਂ ਲਿਖੇ ਪੱਤਰਾਂ ਵਿਚ ਉਕਤ ਸੜਕ ਦੀ ਵੱਧਦੀ ਮਹੱਤਤਾ ਅਤੇ ਇਸ ਨੂੰ ਚੌੜਾ ਕਰਨ ਦੀ ਮੰਗ ਨੂੰ ਉਜਾਗਰ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ 104.96 ਕਿਲੋਮੀਟਰ ਲੰਬੀ ਇਹ ਸੜਕ ਬਲਾਚੌਰ ਤੋਂ ਦਸੂਹਾ ਵਾਇਆ ਹੁਸ਼ਿਆਰਪੁਰ ਜਾਂਦੀ ਹੈ, ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜੋੜਣ ਵਾਲਾ ਇਕ ਮਹੱਤਵਪੂਰਨ ਲਿੰਕ ਹੈ। ਇਸ ਰੂਟ ’ਤੇ ਆਵਾਜਾਈ ਦਾ ਦਬਾਅ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਉਦਯੋਗਿਕ ਇਕਾਈਆਂ, ਟਰਾਂਸਪੋਰਟਰਾਂ ਅਤੇ ਯਾਤਰੀਆਂ ਦੁਆਰਾ ਨਿਯਮਿਤ ਤੌਰ ’ਤੇ ਵਰਤਿਆ ਜਾਂਦਾ ਹੈ। ਹਾਲਾਂਕਿ ਸੜਕ ਦੀ ਚੌੜਾਈ ਸੀਮਤ ਹੋਣ ਕਾਰਨ, ਟਰੈਫਿਕ ਜਾਮ, ਦੁਰਘਟਨਾਵਾਂ ਅਤੇ ਆਵਾਜਾਈ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਪੰਜਾਬ ਸਰਕਾਰ ਦੇ ਪੱਤਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਇਸ ਰਸਤੇ ਨੂੰ ਰਾਸ਼ਟਰੀ ਰਾਜਮਾਰਗ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਚੌੜਾ ਕੀਤਾ ਜਾਂਦਾ ਹੈ, ਤਾਂ ਇਸ ਨਾਲ ਨਾ ਸਿਰਫ਼ ਆਵਾਜਾਈ ਸੁਰੱਖਿਆ ਵਧੇਗੀ ਬਲਕਿ ਵਪਾਰ, ਉਦਯੋਗ ਅਤੇ ਲੋਕਾਂ ਦੀ ਆਵਾਜਾਈ ਨੂੰ ਵੀ ਲਾਭ ਹੋਵੇਗਾ।