ਪ੍ਰਿੰ. ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ: ਜੇਸੀਟੀ ਫਗਵਾੜਾ ਦੀ ਅੰਡਰ-18 ਟੀਮ ਫਾਈਨਲ ਵਿੱਚ ਪੁੱਜੀ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 19 ਫਰਵਰੀ
ਪ੍ਰ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 62ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਦੇ ਛੇਵੇਂ ਦਿਨ ਦਿਲਚਸਪ ਖੇਡ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵੱਜੋਂ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ, ਰੌਸ਼ਨਜੀਤ ਸਿੰਘ ਪਨਾਮ, ਹਰਜਿੰਦਰ ਸਿੰਘ ਮਿਨਹਾਸ, ਲੇਖਕ ਬਲਜਿੰਦਰ ਮਾਨ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਦਿਨ ਦੇ ਪਹਿਲੇ ਅਕੈਡਮੀ ਵਰਗ ਦੇ ਮੈਚ ਵਿੱਚ ਜੇਸੀਟੀ ਫੁਟਬਾਲ ਅਕੈਡਮੀ ਫਗਵਾੜਾ ਦੀ ਟੀਮ ਨੇ ਫੁਟਬਾਲ ਅਕੈਡਮੀ ਬੱਡੋਂ ਨੂੰ 2-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਜੇਤੂ ਟੀਮ ਵੱਲੋਂ ਪਹਿਲਾ ਗੋਲ ਜੈਬ ਉੱਲ ਰਜ਼ਾ ਨੇ 11ਵੇਂ ਮਿੰਟ ਅਤੇ ਰੋਹਿਤ ਕੁਮਾਰ ਨੇ 22ਵੇਂ ਮਿੰਟ ਵਿੱਚ ਗੋਲ ਕੀਤਾ। ਕਲੱਬ ਵਰਗ ਦੇ ਮੈਚ ਵਿੱਚ ਯੰਗ ਫੁਟਬਾਲ ਕਲੱਬ ਮਾਹਿਲਪੁਰ ਨੇ ਐੱਸਟੀਐੱਫਸੀ ਸ੍ਰੀਨਗਰ ਨੂੰ 2-0 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਮੈਚ ਦੇ 78ਵੇਂ ਮਿੰਟ ਵਿੱਚ ਖਿਡਾਰੀ ਹਰਜੀਤ ਸਿੰਘ ਨੇ ਸ਼ਾਨਦਾਰ ਗੋਲ ਕੀਤਾ। ਦੂਜਾ ਗੋਲ 86ਵੇਂ ਮਿੰਟ ਵਿੱਚ ਹਰਸ਼ ਤਿਵਾੜੀ ਨੇ ਕੀਤਾ। ਕਾਲਜ ਵਰਗ ਦੇ ਅੱਜ ਹੋਏ ਸੈਮੀਫਾਈਨਲ ਮੈਚ ਵਿੱਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ। ਜੇਤੂ ਟੀਮ ਵਲੋਂ ਖਿਡਾਰੀ ਰਮਨ ਨੇ 78ਵੇਂ ਮਿੰਟ ਵਿਚ ਗੋਲ ਕੀਤਾ।
ਕੱਲ੍ਹ ਹੋਣ ਵਾਲੇ ਸੈਮੀਫਾਈਨਲ ਮੈਚਾਂ ਵਿੱਚ ਅਕੈਡਮੀ ਵਰਗ (ਅੰਡਰ-18) ਤਹਿਤ ਫੁਟਬਾਲ ਅਕੈਡਮੀ ਮਾਹਿਲਪੁਰ ਅਤੇ ਪੰਜਾਬ ਫੁਟਬਾਲ ਕਲੱਬ ਦੀਆਂ ਟੀਮਾਂ ਭਿੜਨਗੀਆਂ। ਕਲੱਬ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਫੁਟਬਾਲ ਕਲੱਬ ਦਿੱਲੀ ਤੇ ਆਰਸੀਐੱਫ ਕਪੂਰਥਲਾ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਦੂਜੇ ਸੈਮੀਫਾਈਨਲ ਵਿੱਚ ਆਈਐੱਫਸੀ ਫਗਵਾੜਾ ਤੇ ਰਾਊਂਡ ਗਲਾਸ ਕਲੱਬ ਮੁਹਾਲੀ ਦੀ ਟੱਕਰ ਹੋਵੇਗੀ। ਕਾਲਜ ਵਰਗ ਦੇ ਦੂਜੇ ਸੈਮੀਫਾਈਨਲ ਵਿੱਚ ਜੀਐੱਨਏ ਯੂਨੀ. ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਭਿੜਨਗੇ।
ਘੋੜਸਵਾਰੀ ਭਗਵਾਨ ਪਟੇਲ ਨੇ ਜਿੱਤਿਆ ਸੋਨ ਤਗ਼ਮਾ
ਜਲੰਧਰ (ਹਤਿੰਦਰ ਮਹਿਤਾ): ਸਥਾਨਕ ਪੀਏਪੀ ਕੰਪਲੈਕਸ ਦੀ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿੱਚ ਚੱਲ ਰਹੀ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੇ ਵਿਅਕਤੀਗਤ ਕਿਰਚ ਈਵੈਂਟ ਦਾ ਨਤੀਜਾ ਐਲਾਨਿਆ ਗਿਆ। ਇਸ ਈਵੈਂਟ ਵਿੱਚ 118 ਘੌੜਸਵਾਰਾਂ ਨੇ ਭਾਗ ਲਿਆ ਅਤੇ ਬੀਐਸਐਫ ਦੀ ਟੀਮ ਦੇ ਭਗਵਾਨ ਬੀ ਪਟੇਲ ਨੇ ਆਪਣੇ ਘੋੜੇ ਕਵਿਆ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਸੋਨ ਤਗ਼ਮਾ ਮੈਡਲ ਜਿੱਤਿਆ। ਜਦਕਿ ਪੰਜਾਬ ਪੁਲੀਸ ਟੀਮ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਆਪਣੀ ਘੋੜੀ ਸੁਧਾ ਨਾਲ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਮੈਡਲ ਜਿੱਤਿਆ ਅਤੇ ਇੰਡੀਅਨ ਨੇਵੀ ਟੀਮ ਦੇ ਅੰਕਿਤ ਕੁਮਾਰ ਨੇ ਆਪਣੀ ਘੋੜੀ ਚਾਂਦਨੀ ਨਾਲ ਤਾਂਬੇ ਦਾ ਮੈਡਲ ਹਾਸਲ ਕੀਤਾ। ਡਾ. ਅਤੁਲ ਫੁਲਜਲੇ ਆਈਪੀਐਸ ਇੰਸਪੈਕਟਰ ਜਨਰਲ ਪੁਲੀਸ ਬੀਐਸਐਫ ਨੇ ਜੇਤੂ ਘੋੜਸਵਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਵਧੀਆ ਪ੍ਰਦਰਸ਼ਨ ਲਈ ਹੌਸਲਾ ਅਫਜ਼ਾਈ ਕੀਤੀ।