ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਯੂਨੀਅਨ ਨੇ ਕਾਦੀਆਂ ’ਚ ਮੀਟਿੰਗ ਕੀਤੀ; ਪੰਜਾਬ ਸਰਕਾਰ ਤੋਂ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਦੁਖੀ: ਸੈਣੀ
ਪਾਵਰਕੌਮ ਐਂਡ ਟਰਾਂਸਕੋ ਪੈਨਸਨਰਜ਼ ਯੂਨੀਅਨ ਪੰਜਾਬ ਏਟਕ ਦੀ ਮੀਟਿੰਗ ਕਾਦੀਆਂ ’ਚ ਮੰਡਲ ਪ੍ਰਧਾਨ ਬਾਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਸਕੱਤਰ ਦਵਿੰਦਰ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਸਕੱਤਰ ਦਵਿੰਦਰ ਸਿੰਘ ਸੈਣੀ, ਮੰਡਲ ਸਕੱਤਰ ਪਰਮਜੀਤ ਸਿੰਘ ਆਦਿ ਬੁਲਾਰਿਆਂ ਨੇ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਤੋਂ ਸਾਰੇ ਮੁਲਾਜ਼ਮ ਅਤੇ ਪੈਨਸ਼ਨਰ ਦੁਖੀ ਹਨ।
ਉਨ੍ਹਾਂ ਕਿਹਾ ਸਰਕਾਰ ਨੇ ਪੈਨਸ਼ਨਰਾਂ ਦਾ 16% ਡੀ ਏ ਦੇਣਾ ਬੰਦ ਕਰਕੇ ਮਾਮਲਾ ਠੰਢੇ ਬਸਤੇ ਪਾਇਆ ਹੋਇਆ ਹੈ। ਉਨ੍ਹਾਂ ਨੇ ਪੈਨਸ਼ਨਰਾਂ ਨੂੰ ਪੈਨਸ਼ਨ, ਬਕਾਇਆ ਦੇਣ, 200 ਰੁਪਏ ਜੰਜੂਆ ਟੈਕਸ ਬੰਦ ਕਰਨ ਕੱਚੇ ਕਾਮਿਆਂ ਨੂੰ ਪੱਕੇ ਕਰਨ ਤੇ ਵਿਭਾਗ ਵਿੱਚ ਨਵੀਂ ਭਰਤੀ ਦੀ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ ਪਾਵਰਕੌਮ ਮਹਿਕਮੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਰਕੇ ਬਿਜਲੀ ਕਾਮਿਆਂ ਨੂੰ ਫੀਲਡ ਵਿੱਚ ਕੰਮ ਕਰਨ ਲਈ ਭਾਰੀ ਮੁਸ਼ਕਲਾਂ ਆ ਰਹੀਆਂ ਹਨ, ਜੇ ਬਿਜਲੀ ਮੁਲਾਜ਼ਮਾਂ ਦੀ ਡਿਊਟੀ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਈ ਤਾਂ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ।
ਪੈਨਸ਼ਨਰਾਂ ਨੇ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ
ਟਾਂਡਾ (ਪੱਤਰ ਪ੍ਰੇਰਕ): ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਤਹਿਸੀਲ ਪੱਧਰੀ ਮੀਟਿੰਗ ਇਥੇ ਅੱਜ ਪ੍ਰਧਾਨ ਅਜੀਤ ਸਿੰਘ ਗੁਰਾਇਆ ਅਤੇ ਜਨਰਲ ਸਕੱਤਰ ਪ੍ਰੇਮ ਸਾਗਰ ਅਰੋੜਾ ਦੀ ਅਗਵਾਈ ਵਿੱਚ ਪ੍ਰੋਫੈਸਰ ਕੇ. ਕਲੋਟੀ ਲਾਇਬ੍ਰੇਰੀ ਹਾਲ ਵਿੱਚ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸੂਬਾ ਸਰਕਾਰ ਪ੍ਰਤੀ ਰੋਸ ਜਤਾਇਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ 1-1-2016 ਤੋਂ 30-6-21 ਤੱਕ ਬਣਦੇ ਬਕਾਇਆ ਨੂੰ ਕਿਸ਼ਤਾਂ ਵਿਚ ਦਿੱਤੇ ਜਾਣ ਦੀ ਸਖਤ ਨਿਖੇਧੀ ਕੀਤੀ ਅਤੇ ਲਟਕਦੀਆਂ ਮੰਗਾਂ ਜਿਨ੍ਹਾਂ ਵਿਚ 2.59 ਗੁਣਾਕ ਦੇ ਨਾਲ ਪੈਨਸ਼ਨ ਸੋਧਣ, ਕੈਸ਼ ਲੈਸ ਮੈਡੀਕਲ ਸਕੀਮ ਨੂੰ ਲਾਗੂ ਕਰਨ ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਸਮੂਹ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਲਈ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਮੌਕੇ ਪੈਨਸ਼ਨਰਾ ਵੱਲੋਂ ਨਵੰਬਰ ਮਹੀਨੇ ਵਿਚ ਸੰਗਰੂਰ ਵਿੱਚ ਹੋ ਰਹੀ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਪੰਜਾਬ ਦੀ ਰੈਲੀ ਵਿੱਚ ਹਿੱਸਾ ਭਾਗ ਲੈਣ ਲਈ ਲਾਮਬੰਦੀ ਵੀ ਕੀਤੀ ਗਈ।