ਸੰਸਦ ਮੈਂਬਰ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਬਣੇ ਮਾਲਵਿੰਦਰ ਸਿੰਘ ਕੰਗ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਉਂਦੇ ਹੋਏ ਹਲਕਾ ਬਲਾਚੌਰ ਤੋਂ ਕੌਮੀ ਕਿਸਾਨ ਯੂਨੀਅਨ ਦੇ ਹਲਕਾ ਪ੍ਰਧਾਨ ਚੌਧਰੀ ਰਾਹੁਲ ਆਦੋਆਣਾ ਨੇ ਕਿਹਾ ਕਿ ਖ਼ੁਦ ਨੂੰ ਕਿਸਾਨੀ ਨੇਤਾ ਅਖਵਾਉਣ ਵਾਲੇ ਸੰਸਦ ਮੈਂਬਰ ਕੰਗ ਦੇ ਅੱਜ-ਕੱਲ੍ਹ ਦਰਸ਼ਨ ਵੀ ਦੁਰਲੱਭ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ ਅਤੇ ਸਮੂਹ ਕਿਸਾਨ ਯੂਨੀਅਨ ਦੇ ਮੈਂਬਰ ਹਾਜ਼ਰ ਸਨ। ਰਾਹੁਲ ਆਦੋਆਣਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਾਲਵਿੰਦਰ ਸਿੰਘ ਕੰਗ ਨੂੰ ਸੰਸਦ ਮੈਂਬਰ ਬਣਿਆਂ 13-14 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਤੇ ਹਲਕਾ ਬਲਾਚੌਰ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚ ਗੜਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਮਾਰਗ ਨੂੰ ਚਹੁੰ-ਮਾਰਗੀ ਬਣਾਉਣ ਅਤੇ ਬਲਾਚੌਰ ਨੂੰ ਰੇਲਵੇ ਨਾਲ ਜੋੜਨਾ ਸ਼ਾਮਲ ਸੀ ਪਰ ਉਨ੍ਹਾਂ ਮੁੜ ਕੋਈ ਵੀ ਬਿਆਨ ਤੱਕ ਨਹੀਂ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਕੌਮੀ ਕਿਸਾਨ ਯੂਨੀਅਨ ਤੋਂ ਜੋਗਿੰਦਰ ਸਿੰਘ ਰੰਧਾਵਾ, ਅਨਿਲ ਧਾਮ, ਪਵਨ ਸ਼ਰਮਾ, ਹਰਵਿੰਦਰ ਸਿੰਘ ਚਹਿਲ, ਨਰਿੰਦਰ ਚੌਧਰੀ ਧਕਤਾਣਾ, ਸਤਨਾਮ ਸਿੰਘ, ਮਨਦੀਪ ਸਿੰਘ ਮੰਢਿਆਣੀ, ਬਿੱਟੂ ਚੌਧਰੀ ਤੇ ਹੋਰ ਮੈਂਬਰ ਹਾਜ਼ਰ ਸਨ।