ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਜੂਨ
ਜ਼ਿਲ੍ਹਾ ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ’ਚ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਅਸਲੇ ਅਤੇ ਵਾਰਦਾਤ ’ਚ ਵਰਤੀ ਕਾਰ ਸਣੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 18 ਜੂਨ ਦੀ ਰਾਤ ਪੁਲੀਸ ਨੂੰ ਨੰਗਲ ਰੋਡ ਨੇੜੇ ਪਿੰਡ ਸ਼ਾਹਪੁਰ ਵਿੱਚ ਆਰੀਅਨ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਦੇ ਕਤਲ ਹੋਣ ਦੀ ਸੂਚਨਾ ਮਿਲੀ ਸੀ। ਮਾਮਲੇ ਦੀ ਜਾਂਚ ਲਈ ਪੁਲੀਸ ਕਪਤਾਨ (ਤਫ਼ਸ਼ੀਸ਼) ਡਾ. ਮੁਕੇਸ਼ ਕੁਮਾਰ ਅਤੇ ਉਪ ਪੁਲੀਸ ਕਪਤਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰੀਅਨ ਆਪਣੇ ਰਿਸ਼ਤੇਦਾਰ ਨਵੀਨ ਕੁਮਾਰ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਪਿੰਡ ਬੀਣੇਵਾਲ ਵਿੱਚ ਆਪਣੀ ਦੁਕਾਨ ਖੋਲ੍ਹਣੀ ਚਾਹੁੰਦਾ ਸੀ। ਆਰੀਅਨ ਦੀ ਗਾਹਕਾਂ ਨਾਲ ਨੇੜਤਾ ਸੀ ਜਿਸ ਕਰਕੇ ਨਵੀਨ ਕੁਮਾਰ ਨੂੰ ਖਦਸ਼ਾ ਪ੍ਰਗਟ ਹੋਇਆ ਕਿ ਜੇਕਰ ਆਰੀਅਨ ਨੇ ਆਪਣੀ ਦੁਕਾਨ ਖੋਲ੍ਹੀ ਤਾਂ ਸਾਰੇ ਗਾਹਕ ਆਰੀਅਨ ਕੋਲ ਜਾਣਗੇ ਤੇ ਉਸ ਦਾ ਨੁਕਸਾਨ ਹੋਵੇਗਾ। ਇਸ ਰੰਜਿਸ਼ ਕਾਰਨ ਨਵੀਨ ਆਰੀਅਨ ਨੂੰ ਮਾਰਨ ਦੇ ਇਰਾਦੇ ਨਾਲ ਕਾਰ ’ਚ ਬਿਠਾ ਕੇ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਜਿੱਥੇ ਉਸ ਨੇ ਆਪਣੇ ਨਾਜਾਇਜ਼ 32 ਬੋਰ ਦੇ ਪਿਸਤੌਲ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਨਵੀਨ ਨੇ ਇਹ ਪਿਸਤੌਲ ਗੁਰਮੁੱਖ ਸਿੰਘ ਵਾਸੀ ਮਹਿੰਦਵਾਣੀ ਤੋਂ ਲਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਨਵੀਨ ਨੂੰ ਗਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਾਰਦਾਤ ’ਚ ਵਰਤੀ ਕਾਰ ਵੀ ਪੁਲੀਸ ਨੇ ਬਰਾਮਦ ਕਰ ਲਈ ਹੈ। ਪੁਲੀਸ ਨੇ ਮੁਲਜ਼ਮ ਗੁਰਮੁੱਖ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਮਹਿੰਦਵਾਣੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਜਾਰੀ ਹੈ।