ਪੁਲੀਸ ਨੇ ਗੁੰਮ 700 ਮੋਬਾਈਲ ਮਾਲਕਾਂ ਨੂੰ ਸੌਂਪੇ
ਹਰਜੀਤ ਸਿੰਘ ਪਰਮਾਰ
ਬਟਾਲਾ, 23 ਮਈ
ਬਟਾਲਾ ਪੁਲੀਸ ਪਿਛਲੇ ਕਰੀਬ ਸੱਤ ਮਹੀਨਿਆਂ ਵਿੱਚ ਲੋਕਾਂ ਦੇ ਡੇਢ ਕਰੋੜ ਰੁਪਏ ਦੀ ਕੀਮਤ ਦੇ ਗੁੰਮ ਹੋਏ 700 ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਚੁੱਕੀ ਹੈ। ਇਸੇ ਮੁਹਿੰਮ ਤਹਿਤ ਬਟਾਲਾ ਪੁਲੀਸ ਵੱਲੋਂ ਅੱਜ ਸ਼ਿਵ ਆਡੀਟੋਰੀਅਮ ਬਟਾਲਾ ਵਿੱਚ ਚੌਥੇ ਸੈਮੀਨਾਰ ਦੌਰਾਨ 50 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ 200 ਮੋਬਾਈਲ ਫੋਨਾਂ ਨੂੰ ਪੰਜਾਬ ਅਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚੋਂ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ। ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬਟਾਲਾ ਪੁਲੀਸ ਵੱਲੋਂ ਇਸ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਾਈਬਰ ਕ੍ਰਾਇਮ ਬਟਾਲਾ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਵੱਲੋਂ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੇ ਗੁੰਮ ਹੋਏ ਮੋਬਾਈਲਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਪੁਲੀਸ ਹੁਣ ਤੱਕ ਕਰੀਬ ਡੇਢ ਕੋਰੜ ਰੁਪਏ ਦੀ ਕੀਮਤ ਦੇ 700 ਮੋਬਾਈਲ ਫੋਨ ਟਰੇਸ ਕਰਕੇ ਲੋਕਾਂ ਦੇ ਹਵਾਲੇ ਕਰ ਚੁੱਕੀ ਹੈ ਅਤੇ ਬਟਾਲਾ ਪੁਲੀਸ ਦਾ ਇਹ ਉਪਰਾਲਾ ਅੱਗੇ ਵੀ ਇਸ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁੰਮ ਹੋਏ ਮੋਬਾਈਲ ਫੋਨ ਸਬੰਧੀ ਸੂਚਨਾ ਆਪਣੇ ਨਜਦੀਕੀ ਸ਼ਾਂਝ ਕੇਂਦਰ ਵਿੱਚ ਦੇ ਕੇ ਥਾਣਾ ਸਾਈਬਰ ਕ੍ਰਾਇਮ ਬਟਾਲਾ ਨਾਲ ਜਰੂਰ ਸੰਪਰਕ ਕਰਨ।