ਅੰਮ੍ਰਿਤਸਰ ’ਚ ਪੁਲੀਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਨੇ ਕਥਿਤ ਨਸ਼ਾ ਤਸਕਰ ਸੌਰਵ ਪ੍ਰਤਾਪ ਉਰਫ ਸੰਨੀ ਵਾਸੀ ਹਰਗੋਬਿੰਦ ਐਵੇਨਿਊ, ਛੇਹਰਟਾ ਦਾ ਅੱਜ ਬੁਲਡੋਜ਼ਰ ਨਾਲ ਘਰ ਢਾਹ ਦਿੱਤਾ। ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ, ਅਸਲਾ ਐਕਟ ਅਧੀਨ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਲਗਪਗ 25 ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਖ਼ਿਲਾਫ਼ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਦਰਜ ਇਕ ਕੇਸ ਵਿਚ ਉਸ ਦੀ ਬੇਟੀ ਮੁਸਕਾਨ ਅਤੇ ਭਰਾ ਆਦਿੱਤਿਆ ਪ੍ਰਤਾਪ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਕਿੱਲੋ ਅਫੀਮ, 8 ਕਿੱਲੋ ਹੈਰੋਇਨ, 2 ਕਿੱਲੋ ਹੈਰੋਇਨ ਤਿਆਰ ਕਰਨ ਵਾਲਾ ਅਤੇ ਮਿਕਦਾਰ ਵਧਾਉਣ ਵਾਲਾ ਕੈਮੀਕਲ ਅਤੇ 1 ਪਿਸਟਲ 9 ਐਮ ਐਮ ਸਮੇਤ 1 ਜਿੰਦਾ ਰੌਂਦ ਦੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਐੱਨਡੀਪੀਐੱਸ ਐਕਟ ਤੇ ਹੋਰ 25 ਮੁਕੱਦਮੇ ਦਰਜ ਹਨ। ਸੰਨੀ ਫਿਲਹਾਲ ਭਗੌੜਾ ਹੈ। ਇਸ ਦੀ ਇੱਕ ਪ੍ਰਾਪਰਟੀ ਗਲੀ ਨੰਬਰ 02, ਅਕਾਸ਼ ਐਵੇਨਿਊ, ਕੋਟ ਖਾਲਸਾ ਥਾਣਾ ਇਸਲਾਮਾਬਾਦ ਵਿੱਚ ਉਸ ਦੀ ਪਤਨੀ ਸ਼ੀਤਲ ਪ੍ਰਤਾਪ ਦੇ ਨਾਮ ਹੈ, ਜੋ ਅਣ-ਅਧਿਕਾਰਤ ਤੌਰ ’ਤੇ ਬਣਾਈ ਗਈ ਹੈ। ਇਸ ਨੂੰ ਮਿਉਂਸਿਪਲ ਕਾਰਪੋਰੇਸ਼ਨ, ਅੰਮ੍ਰਿਤਸਰ ਵੱਲੋਂ ਪੁਲੀਸ ਦੀ ਮਦਦ ਨਾਲ ਢਾਹ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਸਮਗਲਰਾਂ ਦੀਆਂ 9 ਜਾਇਦਾਦਾਂ ਢਾਹੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਪੁਲੀਸ ਕਮਸ਼ਿਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਲੋਕ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਨਸ਼ਿਆਂ ਰੂਪੀ ਜ਼ਹਿਰ ਘੋਲ ਰਹੇ ਹਨ, ਉਨ੍ਹਾਂ ’ਤੇ ਰਹਿਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਯੁੱਧ ਨਸ਼ੇ ਦੀ ਸਮਾਪਤੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਪੁਲੀਸ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਜੋ ਵੀ ਇਸ ਧੰਦੇ ਵਿੱਚ ਸ਼ਾਮਲ ਹੈ, ਉਸ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਦਾ ਇਲਾਜ ਵੀ ਪੁਲੀਸ ਕਰਵਾ ਰਹੀ ਹੈ। ਇਸ ਮੌਕੇ ਵਿਸ਼ਾਲਜੀਤ ਸਿੰਘ ਏਡੀਸੀਪੀ , ਜਸਪਾਲ ਸਿੰਘ ਏਸੀਪੀ ਕੇਂਦਰੀ , ਥਾਣਾ ਇਸਲਾਮਾਬਾਦ ਇੰਸਪੈਕਟਰ ਜਸਬੀਰ ਸਿੰਘ ਅਤੇ ਹੋਰ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।