ਮਿਉਂਸਿਪਲ ਐਂਪਲਾਈਜ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਹੜਤਾਲ ਵਿੱਚ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਸ਼ਾਮਿਲ ਹੋਣ ਨਾਲ ਸ਼ਹਿਰ ਵਿੱਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗ ਗਏ ਹਨ। ਪਿਛਲੇ 5 ਦਿਨ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦੇ ਅੰਦਰੂਨੀ ਤੇ ਬਾਹਰਲੇ ਇਲਾਕਿਆਂ ’ਚ ਕੂੜੇ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਥਾਵਾਂ ਤੋਂ ਲੰਘਣਾ ਔਖਾ ਹੋ ਗਿਆ ਹੈ। ਇਨ੍ਹਾਂ ਡੰਪਾਂ ’ਤੇ ਅਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ। ਇਕ ਪਾਸੇ ਦਸਹਿਰੇ ਦੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਦੂਜੇ ਪਾਸੇ ਨਰਾਤਰਿਆਂ ਕਾਰਨ ਧਾਰਮਿਕ ਅਸਥਾਨਾਂ ’ਤੇ ਲੋਕਾਂ ਦੀ ਆਵਾਜਾਈ ਵਧ ਗਈ ਹੈ। ਇਨ੍ਹਾਂ ਦਿਨਾਂ ’ਚ ਸਫ਼ਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਪਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਇਸ ਵਾਰ ਸਫ਼ਾਈ ਵਿਵਸਥਾ ਚਰਮਰਾਈ ਪਈ ਹੈ। ਨਿਗਮ ਦੇ ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹੜਤਾਲ ਵਾਪਿਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲੇ ਉਪਰਲੇ ਪੱਧਰ ’ਤੇ ਹੀ ਹੱਲ ਹੋਣੇ ਹਨ। ਮੁਲਾਜ਼ਮਾਂ ਦੀਆਂ ਮੰਗਾਂ ਤੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਛੇਤੀ ਹੀ ਮਸਲੇ ਦਾ ਹੱਲ ਨਿਕਲ ਜਾਵੇਗਾ। ਦੂਜੇ ਪਾਸੇ ਹੜਤਾਲੀ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਹੋਰ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ।