ਤੜਕਸਾਰ ਸ਼ੁਰੂ ਹੋਏ ਮੀਂਹ ਨਾਲ ਫਗਵਾੜਾ ਸ਼ਹਿਰ ਜਲਥਲ
ਇਲਾਕੇ ਵਿੱਚ ਅੱਜ ਤੜਕਸਾਰ ਤੋਂ ਸ਼ੁਰੂ ਹੋਏ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ ਥਲ ਕਰ ਦਿੱਤਾ ਹੈ। ਸ਼ਹਿਰ ਦੇ ਸਾਰੇ ਇਲਾਕੇ ਪਾਣੀ ਨਾਲ ਭਰ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਦੂਸਰੇ ਪਾਸੇ ਨਗਰ ਨਿਗਮ ਵੱਲੋਂ ਮੌਨਸੂਨ ਤੋਂ ਪਹਿਲਾ ਨਾਲਿਆਂ ਤੇ ਸੀਵਰੇਜ ਦੀ ਸਫ਼ਾਈ ਦੇ ਕੰਮਾਂ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ ਅਤੇ ਪੂਰਾ ਸ਼ਹਿਰ ਛੱਪੜ ਦਾ ਰੂਪ ਧਾਰਨ ਕਰ ਗਿਆ ਜਦਕਿ ‘ਆਪ’ ਆਗੂ ਤੇ ਨਿਗਮ ਅਧਿਕਾਰੀ ਸ਼ਹਿਰਾਂ ’ਚ ਘੁੰਮਦੇ ਰਹੇ ਪਰ ਲੋਕਾਂ ਨੇ ਇਸ ਨੂੰ ਖਾਨਾਪੂਰਤੀ ਦੱਸਿਆ।
ਅੱਜ ਸਵੇਰ ਤੋਂ ਸ਼ੁਰੂ ਹੋਏ ਮੀਂਹ ਨਾਲ ਅਰਬਨ ਅਸਟੇਟ, ਪ੍ਰੇਮਪੁਰਾ, ਪੁਰਾਣਾ ਡਾਕਖਾਨਾ ਰੋਡ, ਬੰਗਾ ਰੋਡ, ਸਰਾਏ ਰੋਡ, ਗਊਸ਼ਾਲਾ ਰੋਡ, ਖੇੜਾ ਰੋਡ, ਪਲਾਹੀ ਰੋਡ, ਹਦੀਆਬਾਦ, ਸੁਭਾਸ਼ ਨਗਰ ਤੇ ਹੋਰ ਇਲਾਕੇ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਏ। ਮੀਂਹ ਦਾ ਪਾਣੀ ਲੋਕਾਂ ਦੇ ਘਰਾ ਤੇ ਦੁਕਾਨਾ ’ਚ ਜਾ ਵੜ੍ਹਿਆ ਤੇ ਪਾਣੀ ਦੇ ਕਿਸੇ ਪਾਸੇ ਵੀ ਨਿਕਾਸੀ ਨਾ ਹੋ ਸਕੀ ਜਿਸ ਕਾਰਨ ਘਰਾਂ ਤੇ ਦੁਕਾਨਾਂ ’ਚ ਸਾਮਾਨ ਦਾ ਨੁਕਸਾਨ ਹੋਇਆ।
ਮੀਂਹ ਨਾਲ ਸਕੂਲਾ ਤੇ ਕੰਮਕਾਜ ’ਤੇ ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਚੱਢਾ ਮਾਰਕੀਟ ’ਚ ਪਾਣੀ ਭਰ ਗਿਆ। ਬੰਗਾ ਰੋਡ ਤੇ ਪਲਾਹੀ ਰੋਡ ’ਤੇ ਥਾਂ-ਥਾਂ ਪਏ ਟੋਇਆਂ ’ਚ ਵੀ ਪਾਣੀ ਭਰਨ ਕਾਰਨ ਕਈ ਥਾਵਾਂ ’ਤੇ ਲੋਕ ਡਿੱਗਦੇ ਵੀ ਰਹੇ।
ਇੱਥੋਂ ਤੱਕ ਕਿ ਸਿਵਲ ਹਸਪਤਾਲ, ਸੇਂਵਾ ਕੇਂਦਰ ਤੇੇ ਨਗਰ ਨਿਗਮ ਦੇ ਅੱਗੇ ਪਾਰਕ ’ਚ ਵੀ ਪਾਣੀ ਭਰ ਗਿਆ ਤੇ ਝੀਲ ਦਾ ਰੂਪ ਧਾਰਨ ਕਰ ਗਿਆ। ਰਾਹੀਗੀਰ ਅਨਮੋਲਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਹ ਅੱਜ ਕਿਸੇ ਕੰਮ ਲਈ ਫਗਵਾੜਾ ਆਏ ਸਨ। ਸ਼ਹਿਰ ਦਾ ਇੰਨਾ ਬੁਰਾ ਹਾਲ ਦੇਖ ਕੇ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇੰਨੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਸ਼ਹਿਰ ਦਾ ਬੁਰਾ ਹਾਲ ਹੈ।
ਅੱਜ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਤੇ ਹਲਕਾ ਇੰਚਾਰਜ ਹਰਜੀ ਮਾਨ ਨੇ ਨਿਗਮ ਦੀਆਂ ਟੀਮਾਂ ਸਮੇਤ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਨਿਗਮ ਅਧਿਕਾਰੀਆਂ ਨੂੰ ਬੰਦ ਥਾਵਾਂ ਤੁਰੰਤ ਚਾਲੂ ਕਰਨ ਦੀਆਂ ਹਦਾਇਤਾਂ ਕੀਤੀਆਂ ਪਰ ਸ਼ਾਮ ਤੱਕ ਕਈ ਇਲਾਕਿਆਂ ’ਚ ਕੋਈ ਵੀ ਨਹੀਂ ਪੁੱਜਾ ਤੇ ਲੋਕਾਂ ਨੇ ਇਸ ਨੂੰ ਸਿਰਫ਼ ਖਾਨਾ ਪੂਰਤੀ ਹੀ ਦੱਸਿਆ।