ਛੇ ਸਾਲ ਬਾਅਦ ਹੋਵੇਗੀ ਫਗਵਾੜਾ ਸਿਟੀ ਕਲੱਬ ਦੀ ਚੋਣ
ਇਥੋਂ ਦੀ ਸਿਟੀ ਕਲੱਬ ਦੀ ਚੋਣ ਦਾ ਕੰਮ ਜੋ ਪਿਛਲੇ ਛੇ ਸਾਲਾ ਤੋਂ ਲਟਕਿਆ ਹੋਇਆ ਸੀ, ਉਹ ਆਖਿਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਹੋਈ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ ਤੇ ਪ੍ਰਸ਼ਾਸਨ ਨੇ ਹੁਣ ਇਹ ਚੋਣ 8 ਅਗਸਤ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਸਿਟੀ ਕਲੱਬ ਦੀ ਚੋਣ ਪਿਛਲੇ 6 ਸਾਲ ਤੋਂ ਨਹੀਂ ਹੋਈ ਜਦਕਿ ਇਹ ਚੋਣ ਹਰ ਦੋ ਸਾਲ ਬਾਅਦ ਹੋਣੀ ਹੁੰਦੀ ਹੈ ਤੇ ਇਹ ਪਿਛਲੇ ਸਮੇਂ ਤੋਂ ਸਰਕਾਰੀ ਅਫ਼ਸਰਾ ਦੀ ਅਗਵਾਈ ਹੇਠ ਚੱਲ ਰਿਹਾ ਹੈ। ਕਾਂਗਰਸ ਸਰਕਾਰ ਵਲੋਂ ਇੱਕ ਕਾਂਗਰਸੀ ਆਗੂ ਨੂੰ ਇਸ ਕਲੱਬ ਦਾ ਪ੍ਰਮੁੱਖ ਤੌਰ ’ਤੇ ਕੰਮ ਕਰਨ ਦਾ ਅਧਿਕਾਰ ਸੀ ਜਦਕਿ ਬਾਕੀ ਕਮੇਟੀ ’ਚ ਚਾਰ ਸਰਕਾਰੀ ਮੈਂਬਰ ਸੀ। ਕਲੱਬ ਦੇ ਕਈ ਮੈਂਬਰਾਂ ਨੇ ਚੋਣ ਕਰਵਾਉਣ ਲਈ ਪ੍ਰਸ਼ਾਸਨ ਨੂੰ ਪੱਤਰ ਦਿੱਤੇ ਸਨ ਪਰ ਉਸ ’ਤੇ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਖਫ਼ਾ ਹੋਏ ਕੁਝ ਮੈਂਬਰਾਂ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਸੀ।
ਪ੍ਰਮੁੱਖ ਸ਼ਹਿਰੀ ਹਰੀਸ਼ ਥਾਪਰ ਨੇ ਹਾਈ ਕੋਰਟ ’ਚ ਇਸ ਦੀ ਚੋਣ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ ਤੇ ਕਿਹਾ ਕਿ ਜਾਣ ਬੁੱਝ ਕੇ ਇਸ ਚੋਣ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਹਾਈ ਕੋਰਟ ’ਚ ਚੱਲ ਰਹੀ ਕਾਰਵਾਈ ਦੌਰਾਨ ਪ੍ਰਸ਼ਾਸਨ ਨੇ ਚੋਣ ਕਰਵਾਉਣੀ ਮੰਨ ਲਈ, ਜਿਸ ਕਰਕੇ ਹੁਣ ਇਹ ਚੋਣ 8 ਅਗਸਤ ਨੂੰ ਹੋਵੇਗੀ ਤੇ 30 ਜੁਲਾਈ ਨੂੰ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋਵੇਗਾ।
ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਮੀਤ ਪ੍ਰਧਾਨ, ਖਜ਼ਾਨਚੀ, ਸਕੱਤਰ, ਜੁਆਇੰਟ ਸਕੱਤਰ ਤੇ 9 ਐਗਜ਼ੈਕਟਿਵ ਮੈਂਬਰਾਂ ਦੀ ਹੋਵੇਗੀ। ਚੋਣਾਂ ਦੇ ਐਲਾਨ ਤੋਂ ਬਾਅਦ ਕਰੀਬ 350 ਤੋਂ ਵੱਧ ਮੈਂਬਰ ਸਰਗਰਮ ਹੋ ਗਏ ਹਨ ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।