ਟਿੱਪਰ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 31 ਅਗਸਤ
ਇਥੇ ਵੀਰਵਾਰ ਦੁਪਹਿਰ ਮੁਹੱਲਾ ਰਵਿਦਾਸ ਨਗਰ ’ਚ ਇਕ ਟਿੱਪਰ ਦੇ ਭਾਰ ਹੇਠ ਆ ਕੇ ਟਿੱਪਰ ਦੇ ਪਿੱਛੇ ਖੜ੍ਹੀ ਜੇ.ਸੀ.ਬੀ ਦੇ ਡਰਾਈਵਰ ਦੀ ਮੌਤ ਹੋ ਗਈ। ਲੋਕਾਂ ਦੇ ਦੱਸਣ ਮੁਤਾਬਿਕ ਮੁਹੱਲੇ ਵਿਚ ਇਕ ਠੇਕੇਦਾਰ ਵਲੋਂ ਗਲੀ ਦਾ ਕੰਮ ਕਰਵਾਇਆ ਜਾ ਰਿਹਾ ਸੀ। ਮਿੱਟੀ ਦਾ ਭਰਿਆ ਟਿੱਪਰ ਮਿੱਟੀ ਪਾਉਣ ਲਈ ਜਦੋਂ ਪਿੱਛੇ ਨੂੰ ਆ ਰਿਹਾ ਸੀ ਤਾਂ ਸੜਕ ਦਾ ਇਕ ਪਾਸਾ ਪੋਲਾ ਹੋਣ ਕਰਕੇ ਇਕ ਪਾਸੇ ਨੂੰ ਬੈਠ ਗਿਆ ਤੇ ਪਿੱਛੇ ਖੜ੍ਹੀ ਜੇ.ਸੀ.ਬੀ ਦਾ ਡਰਾਈਵਰ ਜੋ ਟਿੱਪਰ ਚਾਲਕ ਨੂੰ ਪਿੱਛੇ ਮੁੜਣ ਦੇ ਇਸ਼ਾਰੇ ਕਰ ਰਿਹਾ ਸੀ, ਟਿੱਪਰ ਤੇ ਨਾਲ ਲੱਗਦੀ ਮਕਾਨ ਦੀ ਦੀਵਾਰ ਦਰਮਿਆਨ ਆ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਵਾਸੀ ਭਾਗੋਵਾਲ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।
ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਹਲਾਕ
ਫਗਵਾੜਾ (ਪੱਤਰ ਪ੍ਰੇਰਕ): ਫਗਵਾੜਾ-ਜਲੰਧਰ ਰੇਲਵੇ ਲਾਈਨਾਂ ’ਤੇ ਇੱਕ ਟ੍ਰੇਨ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਰੇਲਵੇ ਚੌਂਕੀ ਦੇ ਜਾਂਚ ਅਧਿਕਾਰੀ ਰੱਤੀ ਰਾਮ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੇ ਮ੍ਰਿਤਕ ਪਾਸੋਂ ਇੱਕ ਮੋਬਾਈਲ ਫ਼ੋਨ ਬ੍ਰਾਮਦ ਹੋਇਆ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਸ ਦੀ ਪਛਾਣ ਮੀਰ ਆਲਮ ਪੁੱਤਰ ਮੁਹੰਮਦ ਸ਼ਹੀਦ ਉਰਫ ਛੋਟੂ ਵਾਸੀ ਪਿੰਡ ਸ਼ਾਹ ਪੁਰ ਪੱਲੜਾ ਜ਼ਿਲਾ ਮੁਜਫ਼ਰਨਗਰ ਯੂ ਪੀ ਵਜੋਂ ਹੋਈ ਹੈ। ਪੁਲੀਸ ਵਲੋਂ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਦੇ ਬਿਆਨਾ ਦੇ ਅਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।