ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਿਜਲੀ ਕੱਟਾਂ ਕਾਰਨ ਪਾਵਰਕੌਮ ਖ਼ਿਲਾਫ਼ ਡਟੇ ਲੋਕ

ਰੋਜ਼ਾਨਾ 8 ਤੋਂ 10 ਘੰਟੇ ਦੇ ਲੱਗ ਰਹੇ ਹਨ ਕੱਟ: ਕੌਂਸਲਰ
Advertisement

ਹਤਿੰਦਰ ਮਹਿਤਾ

ਜਲੰਧਰ, 13 ਜੂਨ

Advertisement

ਇਥੇ ਦੇਰ ਰਾਤ ਬਾਜ਼ਾਰ ਖੇਤਰਾਂ ਵਿੱਚ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੇ ਕੌਂਸਲਰ ਨਾਲ ਮੁੱਖ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਵਿਚ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕੌਂਸਲਰ ਸ਼ੈਰੀ ਚੱਢਾ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਰੋਜ਼ਾਨਾ ਦਸ ਘੰਟੇ ਬਿਜਲੀ ਕੱਟ ਲੱਗਦੇ ਹਨ। ਜਦੋਂ ਰਾਤ ਹੋਈ ਤਾਂ ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਨੇ ਧਰਨਾ ਦਿੱਤਾ। ਕੌਂਸਲਰ ਨੇ ਕਿਹਾ ਕਿ ਇਲਾਕੇ ਦੇ ਲੋਕ ਬਿਜਲੀ ਕੱਟਾਂ ਤੋਂ ਤੰਗ ਆ ਚੁੱਕੇ ਹਨ। ਐਸਡੀਓ ਅਤੇ ਹੋਰ ਅਧਿਕਾਰੀਆਂ ਨੂੰ ਕਈ ਵਾਰ ਫੋਨ ਕੀਤੇ ਗਏ, ਪਰ ਉਨ੍ਹਾਂ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਬਿਜਲੀ ਅਤੇ ਪਾਣੀ ਦੀ ਘਾਟ ਕਾਰਨ ਇਲਾਕੇ ਦੇ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਵੀ ਧਰਨਾ ਦਿੱਤਾ ਗਿਆ ਸੀ ਪਰ ਉਦੋਂ ਕਿਹਾ ਗਿਆ ਸੀ ਕਿ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ, ਪਰ ਅੱਜ ਫਿਰ ਸਥਿਤੀ ਉਹੀ ਹੈ। ਕੌਂਸਲਰ ਨੇ ਕਿਹਾ ਕਿ ਬਿਜਲੀ ਵਿਭਾਗ ਵਿਚ ਅਸਥਾਈ ਤੌਰ ’ਤੇ ਭਰਤੀ ਹੋਏ ਨੌਜਵਾਨ ਹੀ ਕੰਮ ਕਰ ਰਹੇ ਹਨ ਜਦਕਿ ਸਥਾਈ ਕਰਮਚਾਰੀ ਸਹੀ ਕੰਮ ਨਹੀਂ ਕਰ ਰਹੇ। ਇਸ ਸਬੰਧ ਵਿਚ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਤਕਨੀਕੀ ਨੁਕਸ ਪੈਣ ਕਾਰਨ ਬਿਜਲੀ ਬੰਦ ਹੋ ਰਹੀ ਹੈ ਤੇ ਉਨ੍ਹਾਂ ਦੇ ਕਰਮਚਾਰੀ ਇਸ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਨ ਤੇ ਛੇਤੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ।

ਦੁਕਾਨਦਾਰਾਂ ਵੱਲੋਂ ਗਰਮੀ ਕਾਰਨ ਦੁਪਹਿਰ ਵੇਲੇ ਦੁਕਾਨਾਂ ਬੰਦ

ਜਲੰਧਰ: ਇਸ ਖੇਤਰ ਵਿਚ ਪੈ ਰਹੀ ਭਾਰੀ ਗਰਮੀ ਕਾਰਨ ਜਨਜੀਵਨ ’ਤੇ ਕਾਫੀ ਅਸਰ ਪਿਆ ਹੈ। ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦੇ ਕਰੀਬ ਪਹੁੰਚ ਜਾਣ ਕਾਰਨ ਅੱਜ ਸਾਰਾ ਦਿਨ ਲੂ ਚਲਦੀ ਰਹੀ ਜਿਸ ਕਾਰਨ ਲੋਕਾਂ ਨੇ ਘਰਾਂ ਵਿਚ ਹੀ ਰਹਿਣ ਨੂੰ ਤਰਜੀਹ ਦਿੱਤੀ। ਦੁਪਹਿਰ ਦੇ ਸਮੇਂ ਇਥੋਂ ਦੇ ਬਾਜ਼ਾਰ ਵਿਚ ਸਨਾਟਾ ਰਿਹਾ ਤੇ ਕਈ ਦੁਕਾਨਦਾਰਾਂ ਨੇ ਦੁਪਹਿਰ 11 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਬੰਦ ਰੱਖਣ ਦੇ ਫੈਸਲਾ ਲਿਆ ਹੈ। ਅਟਾਰੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਵਿਚ ਦੁਪਹਿਰ ਦੇ ਸਮੇਂ ਗਾਹਕ ਨਾਂਹ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦੁਕਾਨ ਬੰਦ ਕਰਕੇ ਘਰ ਚਲੇ ਜਾਂਦੇ ਹਨ ਤੇ ਫਿਰ ਸ਼ਾਮ ਪੰਜ ਵਜੇ ਦੁਕਾਨ ਖੋਲ੍ਹਦੇ ਹਨ। ਇਸੇ ਤਰ੍ਹਾਂ ਬੱਸਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੇ ਗਿਣਤੀ ਬਹੁਤ ਘੱਟ ਹੋ ਗਈ ਹੈ ਤੇ ਦੁਪਹਿਰ ਸਮੇਂ ਬੱਸਾਂ ਵਿਚ ਨਾਂਮਾਤਰ ਹੀ ਸਵਾਰੀਆਂ ਦਿਖਾਈ ਦਿੰਦੀਆਂ ਹੈ। ਗਰਮੀ ਕਾਰਨ ਲੋਕਾਂ ਨੇ ਸੈਰ ਸਪਾਟੇ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ ਜਿਸ ਕਾਰਨ ਟੈਕਸੀਆਂ ਵਾਲੇ ਵੀ ਵਿਹਲੇ ਹੀ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਏਸੀ, ਕੂਲਰਾਂ ਵਾਲੀਆਂ ਦੁਕਾਨਾਂ ’ਤੇ ਰੋਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਮੌਸਮ ਮਹਿਰਾਂ ਅਨੁਸਾਰ ਅਜੇ ਦੋ ਤਿੰਨ ਦਿਨ ਹੋਰ ਗਰਮੀ ਪੈਣ ਦੇ ਅਸਾਰ ਹਨ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 12 ਤੋਂ 5 ਵਜੇ ਤੱਕ ਘਰਾਂ ਵਿਚ ਹੀ ਰਹਿਣ ਤੇ ਜ਼ਿਆਦਾ ਪਾਣੀ ਪੀਣ ਤਾਂ ਜੋ ਗਰਮੀ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬਿਸਤ ਦੋਆਬ ਨਹਿਰ ਵਿਚ ਬੱਚੇ ਗਰਮੀ ਤੋਂ ਰਾਹਤ ਲਈ ਨਹਾਉਂਦੇ ਦੇਖੇ ਗਏ। ਅੱਜ ਸ਼ਾਮ ਛੇ ਵਜੇ ਤੋਂ ਬਾਅਦ ਹਵਾ ਚੱਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਤੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ।

ਪਠਾਨਕੋਟ ਵਿੱਚ ਲੂ ਲੱਗਣ ਕਾਰਨ ਮੌਤ

ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਦੇ ਢਾਂਗੂ ਚੌਂਕ ਵਿੱਚ ਇੱਕ 35-40 ਸਾਲ ਦੇ ਵਿਅਕਤੀ ਨੂੰ ਸੜਕ ’ਤੇ ਬੇਹੋਸ਼ ਡਿੱਗਿਆ ਪਾਇਆ ਗਿਆ। ਉਥੇ ਮੌਜੂਦ ਲੋਕਾਂ ਵੱਲੋਂ ਖਦਸ਼ਾ ਪ੍ਰਗਟਾਇਆ ਗਿਆ ਕਿ ਚਲਦੀ ਲੂ ਨਾਲ ਉਕਤ ਵਿਅਕਤੀ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਮੌਕੇ ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਵੱਲੋਂ ਐਂਬੂਲੈਂਸ ਨੂੰ ਬੁਲਾ ਕੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸ ਦੀ ਸ਼ਨਾਖਤ ਕਰਨ ਲਈ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ। ਜੇਕਰ 72 ਘੰਟਿਆਂ ਵਿੱਚ ਕੋਈ ਵੀ ਉਸ ਦਾ ਵਾਰਸ ਨਾ ਆਇਆ ਤਾਂ ਫਿਰ ਲਾਸ਼ ਨੂੰ ਲਾਵਾਰਿਸ ਘੋਸ਼ਿਤ ਕਰਕੇ ਪੋਸਟ ਮਾਰਟਮ ਕਰਨ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

Advertisement