ਔੜ ਬਲਾਕ ਤੋੜਨ ਵਿਰੁੱਧ ਲੋਕਾਂ ਵੱਲੋਂ ਪ੍ਰਦਰਸ਼ਨ
‘ਔੜ ਬਲਾਕ ਬਚਾਓ ਸੰਘਰਸ਼ ਕਮੇਟੀ’ ਦੇ ਸੱਦੇ ’ਤੇ ਔੜ ਵਿੱਚ ਅੱਜ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਪਿੰਡਾਂ ਦੇ ਸਰਪੰਚ, ਪੰਚ, ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ, ਔਰਤਾਂ ਅਤੇ ਪਿੰਡਾਂ ਦੇ ਹੋਰ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਮੈਂਬਰ ਰਾਜ ਕੁਮਾਰ ਮਾਹਲ ਖ਼ੁਰਦ, ਬੂਟਾ ਸਿੰਘ ਮਹਿਮੂਦਪੁਰ, ਬਸਪਾ ਦੇ ਸੂਬਾਈ ਆਗੂ ਪ੍ਰਵੀਨ ਬੰਗਾ, ਸੀਟੂ ਦੇ ਸੂਬਾਈ ਆਗੂ ਮਹਾਂ ਸਿੰਘ ਰੌੜੀ, ਐੱਸਜੀਪੀਸੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ, ਪ੍ਰਿੰਸੀਪਲ ਨਛੱਤਰ ਸੁਮਨ ਤ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔੜ ਬਲਾਕ ਖ਼ਤਮ ਕਰਨ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ ਕਿਸੇ ਵੀ ਤਰ੍ਹਾਂ ਲੋਕ ਹਿਤੈਸ਼ੀ ਅਤੇ ਤਰਕਪੂਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਅਤੇ ਇਲਾਕੇ ਦੇ ਹਿਤਾਂ ਦੀ ਰਾਖੀ ਲਈ ਸੰਘਰਸ਼ ਦਾ ਡੱਟ ਕੇ ਸਾਥ ਦੇਣਗੇ। ਇਕੱਠ ਵਿੱਚ ਹਾਜ਼ਰ ਸੈਂਕੜੇ ਲੋਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਲਾਕ ਨੂੰ ਤੋੜਨ ਦਾ ਫ਼ੈਸਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਔੜ ਬਲਾਕ ਨੂੰ ਮੁੜ ਬਹਾਲ ਕੀਤਾ ਜਾਵੇ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਕੇ ਇਸ ਲੋਕ ਵਿਰੋਧੀ ਫ਼ੈਸਲੇ ਦਾ ਵਿਰੋਧ ਕੀਤਾ ਜਾਵੇਗਾ।