ਧੁਆਂਖੀ ਧੁੰਦ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ
ਜਲੰਧਰ ’ਚ ਹਵਾ ਦੀ ਗੁਣਵੱਤਾ 191 ਤੱਕ ਪੁੱਜੀ; ਲੋਕਾਂ ਨੂੰ ਮੌਸਮੀ ਬਿਮਾਰੀਆਂ ਨੇ ਜਕਡ਼ਿਆ
ਮੌਸਮ ਦੇ ਬਦਲੇ ਮਿਜ਼ਾਜ ਨੇ ਲੋਕਾਂ ਦੇ ਜੀਵਨ ’ਤੇ ਸਿੱਧਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇੱਕ ਹਫ਼ਤੇ ਤੋਂ ਹਵਾ ਵਿੱਚ ਧੂੜ ਤੇ ਕਾਲਖ਼ ਦੇ ਕਣਾਂ ਮਿਕਦਾਰ ਪ੍ਰਤੀ ਘਣਮੀਟਰ 191 ਤੱਕ ਜਾਣ ਨਾਲ ਸਾਹ ਲੈਣਾ ਔਖਾ ਹੋਇਆ ਪਿਆ ਹੈ। ਇਸ ਨਾਲ ਲੋਕ ਖ਼ਾਂਸੀ ਤੇ ਜੁਕਾਮ ਦੀ ਜਕੜ ਵਿੱਚ ਆ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਦੇ ਗਲੇ ਵੀ ਖਰਾਬ ਹੋ ਰਹੇ ਹਨ।
ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ ਜਦ ਕਿ ਰਾਤ ਦਾ ਤਾਪਮਾਨ ਤੇਜ਼ੀ ਨਾਲ ਹੇਠਾਂ ਡਿੱਗ ਕੇ 11 ਡਿਗਰੀ ਸੈਲਸੀਅਸ ਤੱਕ ਆ ਰਿਹਾ ਹੈ। ਦਿਨ-ਰਾਤ ਦੇ ਤਾਪਮਾਨ ਵਿਚਲੇ ਇਸ ਅੰਤਰ ਕਾਰਨ ਹੀ ਧੁਆਂਖੀ ਹੋਈ ਧੁੰਦ ਖਹਿੜਾ ਨਹੀਂ ਛੱਡ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਵਿੱਚ ਧੂੜ ਅਤੇ ਕਾਲਖ਼ ਦੇ ਜਿਹੜੇ ਕਣ ਹਨ, ਉਹ ਦਿਨ ਵੇਲੇ ਗਰਮ ਹਵਾਵਾਂ ਦੇ ਚੱਲਦਿਆਂ ਉਪਰ ਉਡ ਜਾਂਦੇ ਹਨ ਪਰ ਰਾਤ ਦਾ ਤਾਪਮਾਨ ਡਿੱਗਣ ਕਾਰਨ ਇਹ ਕਣ ਮੁੜ ਹੇਠਾਂ ਵੱਲ ਆ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਸਵੇਰੇ ਉਠਦਿਆਂ ਹੀ ਧੁਆਂਖੀ ਧੁੰਦ ਵਿੱਚ ਜਦੋਂ ਸਾਹ ਲੈਣਾ ਪੈਂਦਾ ਹੈ ਤਾਂ ਉਹ ਅਨੇਕਾਂ ਬੀਮਾਰੀਆਂ ਦੀ ਜਕੜ੍ਹ ਵਿੱਚ ਆ ਜਾਂਦੇ ਹਨ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਂਦੀ 14 ਨਵੰਬਰ ਤੱਕ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ, ਜਿਸ ਕਾਰਨ ਲੋਕਾਂ ਨੂੰ ਚਾਰ-ਪੰਜ ਦਿਨ ਹੋਰ ਧੁਆਂਖੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਥਾਨਕ ਸਰਕਟ ਹਾਊਸ ਵਿੱਚ ਹਵਾ ਦੀ ਗੁਣਵੱਤਾ ਮਾਪਣ ਲਈ ਲਾਏ ਗਏ ਆਟੋਮੈਟਿਕ ਯੰਤਰ ਦੀ ਰਿਪੋਰਟ ਅਨੁਸਾਰ ਅੱਜ ਦੀ ਹਵਾ ਦੀ ਗੁਣਵੱਤਾ 191 ਮਾਪੀ ਗਈ ਜੋ ਕਿ ਆਮ ਨਾਲ ਤਿੰਨ ਗੁਣਾ ਤੋਂ ਵੀ ਵੱਧ ਹੈ। ਹਵਾ ਦੀ ਗੁਣਵੱਤਾ ਆਮ ਤੌਰ ‘ਤੇ 50 ਤੱਕ ਹੀ ਸਹੀ ਮੰਨੀ ਜਾਂਦੀ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਸਵੇਰ ਵੇਲੇ ਸੈਰ ਕਰਨ ਤੋਂ ਗੁਰੇਜ਼ ਹੀ ਕਰਨ ਅਤੇ ਦਿਨ ਵੇਲੇ ਵੀ ਬਾਹਰ ਜਾਣ ਸਮੇਂ ਮਾਸਕ ਲਗਾਉਣਾ ਨਾ ਭੁੱਲਣ।

