ਮਾਲ ਅਫਸਰਾਂ ਦੀ ਹੜਤਾਲ ਕਾਰਨ ਲੋਕ ਖੁਆਰ
ਹਤਿੰਦਰ ਮਹਿਤਾ
ਜਲੰਧਰ, 3 ਮਾਰਚ
ਹਾਲ ਹੀ ਵਿੱਚ ਵਿਜੀਲੈਂਸ ਵੱਲੋਂ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਅੱਜ ਪੂਰੇ ਮਾਲ ਅਧਿਕਾਰੀ ਹੜਤਾਲ ’ਤੇ ਚਲੇ ਗਏ। ਇਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕ ਆਪਣੇ ਕੰਮ ਕਰਵਾਉਣ ਲਈ ਸਵੇਰ ਤੋਂ ਹੀ ਤਹਿਸੀਲ ਦਫ਼ਤਰ ਪੁੱਜ ਗਏ ਸਨ ਜਿੱਥੇ ਉਨ੍ਹਾਂ ਨੂੰ ਮਾਲ ਅਧਿਕਾਰੀਆਂ ਦਾ ਹੜਤਾਲ ਦਾ ਪਤਾ ਲੱਗਿਆ।
ਆਪਣਾ ਕੰਮ ਕਰਵਾਉਣ ਆਏ ਕੁਲਵੰਤ ਸਿੰਘ ਨੇ ਕਿਹਾ,‘ਮੈਂ ਗੋਬਿੰਦਗੜ੍ਹ ਤੋਂ ਆਇਆ ਹਾਂ ਅਤੇ ਪਾਵਰ ਆਫ਼ ਅਟਾਰਨੀ ਬਣਾਉਣੀ ਸੀ।’ ਉਸ ਨੇ ਦੱਸਿਆ ਕਿ ਉਸ ਦੇ ਜਾਣਕਾਰ ਇਸ ਨੂੰ ਬਣਾਉਣ ਲਈ ਵਿਦੇਸ਼ ਤੋਂ ਆਏ ਸਨ। ਉਨ੍ਹਾਂ ਨੇ ਕੱਲ੍ਹ ਵਿਦੇਸ਼ ਪਰਤਣਾ ਹੈ ਪਰ ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮੁਲਾਜ਼ਮ ਹੜਤਾਲ ’ਤੇ ਹਨ। ਰਜਿਸਟਰੀ ਕਰਵਾਉਣ ਆਏ ਵਿਜੇ ਨੇ ਦੱਸਿਆ ਕਿ ਉਹ ਬਰਸਾਤ ਵਿੱਚ ਆਪਣਾ ਕੰਮ ਕਰਵਾਉਣ ਆਇਆ ਸੀ ਪਰ ਇੱਥੇ ਆ ਕੇ ਪਤਾ ਲੱਗਾ ਕਿ ਮੁਲਾਜ਼ਮ ਹੜਤਾਲ ’ਤੇ ਹਨ। ਪਹਿਲਾਂ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਹੜਤਾਲ ਹੋਵੇਗੀ। ਵਿਜ ਨੇ ਅੱਗੇ ਕਿਹਾ ਕਿ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਪੈਸੇ ਵੀ ਦਿੱਤੇ ਗਏ ਪਰ ਫਿਰ ਵੀ ਕੰਮ ਨਹੀਂ ਹੋ ਰਿਹਾ। ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੋ ਰਿਹਾ। ਅੱਜ ਅਜਿਹੇ ਲੋਕਾਂ ਨੂੰ ਕੰਮਕਾਜੀ ਦਿਨਾਂ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਵਿਅਕਤੀ ਤੋਂ ਬਾਅਦ ਸਾਰੇ ਕਰਮਚਾਰੀਆਂ ਦਾ ਹੜਤਾਲ ’ਤੇ ਜਾਣਾ ਗਲਤ ਹੈ।