ਦੇਸ਼ ਭਗਤ ਯਾਦਗਾਰ ਕਮੇਟੀ ਦਾ ਇਜਲਾਸ ਸਮਾਪਤ
ਦੇਸ਼ ਭਗਤ ਯਾਦਗਾਰ ਕਮੇਟੀ ਦਾ ਇਜਲਾਸ ਅੱਜ ਸਮਾਪਤ ਹੋ ਗਿਆ। ਇਜਲਾਸ ਵਿੱਚ ਅਗਲੇ ਤਿੰਨ ਵਰ੍ਹਿਆਂ ਲਈ ਸਰਬਸੰਮਤੀ ਨਾਲ ਕੁਲਵੰਤ ਸਿੰਘ ਸੰਧੂ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਡਾ. ਪਰਮਿੰਦਰ ਸਿੰਘ ਮੀਤ ਪ੍ਰਧਾਨ, ਪ੍ਰੋ. ਗੋਪਾਲ ਸਿੰਘ ਬੁੱਟਰ ਸਹਾਇਕ ਸਕੱਤਰ ਅਤੇ ਸੀਤਲ ਸਿੰਘ...
ਦੇਸ਼ ਭਗਤ ਯਾਦਗਾਰ ਕਮੇਟੀ ਦਾ ਇਜਲਾਸ ਅੱਜ ਸਮਾਪਤ ਹੋ ਗਿਆ। ਇਜਲਾਸ ਵਿੱਚ ਅਗਲੇ ਤਿੰਨ ਵਰ੍ਹਿਆਂ ਲਈ ਸਰਬਸੰਮਤੀ ਨਾਲ ਕੁਲਵੰਤ ਸਿੰਘ ਸੰਧੂ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਡਾ. ਪਰਮਿੰਦਰ ਸਿੰਘ ਮੀਤ ਪ੍ਰਧਾਨ, ਪ੍ਰੋ. ਗੋਪਾਲ ਸਿੰਘ ਬੁੱਟਰ ਸਹਾਇਕ ਸਕੱਤਰ ਅਤੇ ਸੀਤਲ ਸਿੰਘ ਸੰਘਾ ਵਿੱਤ ਸਕੱਤਰ ਚੁਣੇ ਗਏ।
ਇਸ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਗ਼ਦਰ ਪਾਰਟੀ, ਆਜ਼ਾਦੀ ਸੰਗਰਾਮ ਦੀਆਂ ਸਮੂਹ ਇਨਕਲਾਬੀ ਜਮਹੂਰੀ ਲੋਕ-ਪੱਖੀ ਲਹਿਰਾਂ ਦੀ ਵਾਰਸ ਦੇਸ਼ ਭਗਤ ਯਾਦਗਾਰ ਕਮੇਟੀ ਦੇ ਐਲਾਨਨਾਮੇ ਅਤੇ ਵਿਧਾਨ ਉਪਰ ਡਟ ਕੇ ਪਹਿਰਾ ਦੇਣਗੇ।
ਉਨ੍ਹਾਂ ਕਿਹਾ ਕਿ ਗ਼ਦਰ ਲਹਿਰ, ਆਜ਼ਾਦੀ ਦੀ ਤਵਾਰੀਖ਼ ਦਾ ਅਜਿਹਾ ਵਿਲੱਖਣ ਸਫ਼ਾ ਹੈ ਜਿਹੜਾ ਸਾਮਰਾਜਵਾਦ, ਫ਼ਿਰਕੂ ਫਾਸ਼ੀ ਹੱਲੇ, ਕਾਰਪੋਰੇਟ ਘਰਾਣਿਆਂ ਦੇ ਧਾਵੇ, ਜਾਤ-ਪਾਤ, ਨਵੇਂ-ਨਰੋਏ ਸਮਾਜ ਦੀ ਸਿਰਜਣਾ ਲਈ ਜੂਝਦੀਆਂ ਲਹਿਰਾਂ ਅੰਦਰ ਜ਼ਿੰਦ ਜਾਨ ਬਣਕੇ ਧੜਕਦਾ ਅਤੇ ਰੌਸ਼ਨੀ ਬਿਖੇਰਦਾ ਹੈ। ਅਹੁਦੇਦਾਰਾਂ ਨੇ ਕਿਹਾ ਕਿ ਉਹ ਅਹਿਦ ਲੈਂਦੇ ਹਨ ਕਿ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਅਤੇ ਚਾਨਣ ਮੁਨਾਰੇ ਦੀ ਭੂਮਿਕਾ ਅਦਾ ਕਰਦੇ ਦੇਸ਼ ਭਗਤ ਯਾਦਗਾਰ ਹਾਲ ਦੀ ਸ਼ਾਨ ਬੁਲੰਦ ਰੱਖਣਗੇ। ਮੀਟਿੰਗ ’ਚ ਗ਼ਦਰੀ ਬਾਬਿਆਂ ਦੇ 34ਵੇਂ ਮੇਲੇ ਦੀ ਸਫ਼ਲਤਾ ਲਈ ਸਮੂਹ ਸਹਿਯੋਗੀ ਸੰਸਥਾਵਾਂ ਅਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਗਈ।
ਇਜਲਾਸ ਵਿੱਚ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਮੇਲੇ ’ਚ ਯੂਨੀਵਰਸਿਟੀਆਂ, ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਅਤੇ ਮਿਹਨਤਕਸ਼ ਲੋਕਾਂ ਦਾ ਵੱਡੀ ਗਿਣਤੀ ਵਿੱਚ ਸਿਰ ਜੋੜਕੇ ਸ਼ਾਮਲ ਹੋਣਾ ਤਾਂ ਮਾਣਮੱਤਾ ਹੈ ਹੀ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਮੇਲਾ ਇਤਿਹਾਸ, ਵਿਰਾਸਤ, ਅਜੋਕੇ ਅਤੇ ਭਵਿੱਖ਼ ਸਮੇਂ ਦੀਆਂ ਚੁਣੌਤੀਆਂ ਬਾਰੇ ਖ਼ਬਰਦਾਰ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਦੇਣ ’ਚ ਸਫ਼ਲ ਰਿਹਾ।
ਇਜਲਾਸ ਦਾ ਆਗਾਜ਼ ਡਾ. ਬਲਵਿੰਦਰ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਰਹੇ ਦਲੀਪ ਸਿੰਘ ਰੋਪੜ, ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ, ਧਰਮਿੰਦਰ ਦੇ ਪਰਿਵਾਰਾਂ ਨਾਲ ਦੁੱਖ਼ ਸਾਂਝਾ ਕਰਨ ਨਾਲ ਹੋਇਆ। ਇਸ ਤੋਂ ਇਲਾਵਾ ਗ਼ਦਰ ਲਹਿਰ ’ਚ ਸ਼ਹਾਦਤ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਅਤੇ ਗ਼ਦਰੀ ਗੁਲਾਬ ਕੌਰ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।

