ਕਰੀਬ 23 ਸਾਲ ਪਹਿਲਾਂ ਮੇਹਲੀ-ਮੇਹਟਾਂ ਬਾਈਪਾਸ ਬਣਾਉਣ ਲਈ ਸਰਕਾਰ ਵਲੋਂ ਐਕੁਆਇਰ ਕੀਤੀ ਜ਼ਮੀਨ ਦੀ ਕੀਮਤ ਅਦਾ ਨਾ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਅਦਾਲਤ ਨੇ ਫਗਵਾੜਾ ਦੇ ਸਰਕਾਰੀ ਰੈੱਸਟ ਹਾਊਸ ਨੂੰ ਅਟੈੱਚ ਕਰਕੇ ਇਸ ਦੀ ਨਿਲਾਮੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।ਕਪੂਰਥਲਾ ਦੇ ਐਡਵੋਕੇਟ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਸੁਰਿੰਦਰ ਸਿੰਘ ਵਾਲੀਆ ਦੀ ਸੀ ਉਨ੍ਹਾਂ ਦੀ ਮੌਤ ਹੋਣ ਕਰਕੇ ਇਹ ਜ਼ਮੀਨ ਉਨ੍ਹਾਂ ਦੇ ਵਾਰਸਾਂ ਦੇ ਨਾਮ ਹੋਈ ਸੀ ਪਰ ਵਾਰਸਾਂ ਨੂੰ 35 ਲੱਖ ਰੁਪਏ ਦੇ ਕਰੀਬ ਰਾਸ਼ੀ ਨਾ ਮਿਲਣ ਕਰਕੇ ਅਦਾਲਤ ’ਚ ਕੇਸ ਚੱਲ ਰਿਹਾ ਸੀ। ਇਸ ਸਬੰਧੀ ਐਡੀਸ਼ਨਲ ਸੈਸ਼ਨ ਜੱਜ ਨੇ ਹੁਕਮ ਜਾਰੀ ਕੀਤੇ ਹਨ ਤੇ 30 ਸਤੰਬਰ ਨੂੰ ਇਸ ਦੀ ਅਗਲੀ ਕਾਰਵਾਈ ਨਿਸ਼ਚਿਤ ਕੀਤੀ ਗਈ ਹੈ। ਇਸ ਸਬੰਧੀ ਮਾਲ ਵਿਭਾਗ ਵਲੋਂ ਵੀ ਫ਼ਰਦ ’ਚ ਵਿਸ਼ੇਸ਼ ਕਥਨ ਦਰਜ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਲੀਆ ਜਿਨ੍ਹਾਂ ਦੀ 2020 ’ਚ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ, ਲੜਕਾ ਜਸਵਿੰਦਰ ਸਿੰਘ ਤੇ ਸਤਿੰਦਰ ਕੌਰ ਵਲੋਂ ਇਹ ਕੇਸ ਦੀ ਪੈਰਵਾਈ ਕੀਤੀ ਗਈ ਜਦਕਿ ਉਨ੍ਹਾਂ ਦੇ ਇੱਕ ਲੜਕੇ ਦੀ ਮੌਤ ਹੋ ਚੁੱਕੀ ਹੈ।