ਪੱਤਰ ਪ੍ਰੇਰਕ
ਜਲੰਧਰ, 26 ਜੂਨ
ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਸਾਲਾਨਾ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਅਤੇ ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ ਨੇ ਆਪਣੀ ਖੇਡ ਸਮੇਂ ਦੇ ਤਜਰਬੇ ਸਾਂਝੇ ਕੀਤੇ।
ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਅਤੇ ਸੀ.ਈ.ਓ. ਇਕਬਾਲ ਸਿੰਘ ਸੰਧੂ ਅਨੁਸਾਰ ਹਾਕੀ ਕੋਚਿੰਗ ਕੈਂਪ ਵਿੱਚ ਓਲੰਪੀਅਨ ਰਾਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਖੇਡ ਸਮੇਂ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਿਡਾਰੀ ਨੂੰ ਖੇਡਣ ਲਈ ਸਹੀ ਸਮੇਂ, ਉਪਰ ਜੇਕਰ ਸਹੀ ਟਰੈਕ ਮਿਲ ਜਾਂਦਾ ਹੈ ਤਾਂ ਉਹ ਖਿਡਾਰੀ ਆਪਣੀ ਮੰਜ਼ਿਲ ਹਾਸਿਲ ਕਰ ਲੈਂਦਾ ਹੈ ਅਤੇ ਸੁਰਜੀਤ ਹਾਕੀ ਸਲਾਨਾ ਕੋਚਿੰਗ ਕੈਂਪ ਵਿੱਚ ਭਾਗ ਲੈਣਾ ਹੀ ਇਨ੍ਹਾਂ ਖਿਡਾਰੀਆਂ ਦਾ ਸਹੀ ਹਾਕੀ ਟਰੈਕ ਨੂੰ ਚੁਣਨਾ ਦਰਸਾਉਂਦਾ ਹੈ। ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਅਨੁਸਾਰ ਇਹ ਕੋਚਿੰਗ ਕੈਂਪ ਪਹਿਲੀ ਜੂਨ ਤੋਂ ਸ਼ੁਰੂ ਹੋ ਕੇ ਪਹਿਲੀ ਜੁਲਾਈ ਨੂੰ ਸਮਾਪਤੀ ਹੋਵੇਗੀ। ਇਸ ਮੌਕੇ ਉੱਪਰ ਯੁਧਵੀਰ ਸਿੰਘ ਜੋਨੀ, ਪ੍ਰੋਫੈਸਰ ਬਲਵਿੰਦਰ ਸਿੰਘ, ਪਰਦੀਪ ਕੌਰ, ਸੀਤਾ ਦੇਵੀ ਤੇ ਨਰੇਸ਼ ਕੁਮਾਰ, ਬਿੰਦੂ (ਸਾਰੇ ਕੋਚ) ਹਾਜ਼ਰ ਸਨ ।