ਐੱਨ ਆਰ ਆਈ ਵੱਲੋਂ ਭਰਾ ’ਤੇ ਘਰ ’ਤੇ ਕਬਜ਼ਾ ਕਰਨ ਦੇ ਦੋਸ਼
ਇੱਥੋਂ ਨੇੜਲੇ ਪਿੰਡ ਕੋਟ ਧੰਦਲ ਦੇ ਪਰਵਾਸੀ ਪੰਜਾਬੀ ਨੇ ਆਪਣੇ ਹੀ ਭਰਾ ਉੱਪਰ ਉਸ ਦੇ ਘਰ ’ਤੇ ਕਬਜ਼ਾ ਕਰਨ ਤੇ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ ਲਾਏ ਹਨ। ਬਜ਼ੁਰਗ ਕਸ਼ਮੀਰ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਉਹ ਤਿੰਨ ਦਹਾਕਿਆਂ ਤੋਂ ਪਰਿਵਾਰ ਸਣੇ ਸਿੰਗਾਪੁਰ ਰਹਿੰਦਾ ਹੈ। ਉਸ ਦੀ ਜ਼ਮੀਨ ਅਤੇ ਜੱਦੀ ਘਰ ਪਿੰਡ ਕੋਟ ਧੰਦਲ ਵਿੱਚ ਹੈ। ਉਸ ਨੇ ਆਪਣੀ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ। ਉਨ੍ਹਾਂ ਨੇ ਆਪਣੇ ਘਰ ’ਚ ਕੀਮਤੀ ਕੱਪੜੇ, ਤੋਹਫੇ ਅਤੇ ਕਰੀਬ ਪੰਜ ਤੋਲੇ ਸੋਨੇ ਦੇ ਗਹਿਣੇ ਰੱਖੇ ਹੋਏ ਸਨ। ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਛੋਟੇ ਭਰਾ ਗੁਰਮੀਤ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਦੂਜੇ ਭਰਾ ਗੁਰਦੀਪ ਸਿੰਘ ਤੇ ਉਸ ਦੇ ਪਰਮਜੀਤ ਸਿੰਘ ਆਦਿ ਨੇ ਕਸ਼ਮੀਰ ਸਿੰਘ ਦੇ ਮਕਾਨ ਨੂੰ ਆਪਣੇ ਮਕਾਨ ਵਿੱਚ ਰਲਾ ਲਿਆ ਹੈ। ਪੀੜਤ ਨੇ ਦੱਸਿਆ ਉਹ ਹੁਣ ਪਿੰਡ ਕੋਟ ਧੰਦਲ ਆਏ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਮਕਾਨ ਨੂੰ ਗੁਰਦੀਪ ਸਿੰਘ ਨੇ ਆਪਣੇ ਮਕਾਨ ’ਚ ਰਲਾ ਲਿਆ ਹੈ ਤੇ ਘਰ ਵਿੱਚੋਂ ਕੀਮਤੀ ਸਾਮਾਨ ਤੇ ਗਹਿਣੇ ਚੋਰੀ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ।
ਬਜ਼ੁਰਗ ਕਸ਼ਮੀਰ ਸਿੰਘ ਤੇ ਉਸ ਦੀ ਪਤਨੀ, ਗੁਰਮੀਤ ਸਿੰਘ, ਭੈਣ ਜਗੀਰ ਕੌਰ ਆਦਿ ਨੇ ਮੁੱਖ ਮੰਤਰੀ, ਡੀਸੀ, ਡੀਜੀਪੀ ਤੇ ਜ਼ਿਲ੍ਹਾ ਪੁਲੀਸ ਮੁਖੀ ਕੋਲੋਂ ਘਰ ਦਾ ਕਬਜ਼ਾ ਛੁਡਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਕਾਹਨੂੰਵਾਨ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਾਰੇ ਦੋਸ਼ ਬੇਬੁਨਿਆਦ: ਪਰਮਜੀਤ ਸਿੰਘ
ਪਰਮਜੀਤ ਸਿੰਘ ਨੇ ਆਪਣੇ ਪਰਿਵਾਰ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਇਹ ਕਮਰੇ ਉਨ੍ਹਾਂ ਦੇ ਹੀ ਹਨ। ਕਰੀਬ 12 ਸਾਲ ਪਹਿਲਾਂ ਕਸ਼ਮੀਰ ਆਪਣੇ ਪੁੱਤਰ ਦਾ ਵਿਆਹ ਕਰਨ ਪਿੰਡ ਆਇਆ ਸੀ, ਉਸ ਸਮੇਂ ਉਨ੍ਹਾਂ ਨੇ ਇਨ੍ਹਾਂ ਕਮਰਿਆਂ ਦੀ ਵਰਤੋਂ ਕੀਤੀ ਸੀ।