DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਸੇਵਾ ਕੇਂਦਰਾਂ ’ਤੇ ਮਿਲਣਗੀਆਂ 32 ਸੇਵਾਵਾਂ

ਜਲੰਧਰ: ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਪੰਜ ਸੇਵਾਵਾਂ ਅਤੇ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਨਾਲ ਸਬੰਧਿਤ ਟਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਹੁਣ ਸੇਵਾ ਕੇਂਦਰਾਂ ’ਤੇ ਉਪਲੰਬਧ ਕਰਵਾ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ....
  • fb
  • twitter
  • whatsapp
  • whatsapp
Advertisement

ਜਲੰਧਰ: ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਪੰਜ ਸੇਵਾਵਾਂ ਅਤੇ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਨਾਲ ਸਬੰਧਿਤ ਟਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਹੁਣ ਸੇਵਾ ਕੇਂਦਰਾਂ ’ਤੇ ਉਪਲੰਬਧ ਕਰਵਾ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਦੱਸਿਆ ਕਿ ਸੇਵਾ ਕੇਂਦਰਾਂ ’ਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ 15 ਅਤੇ ਆਰ.ਸੀ. ਨਾਲ ਸਬੰਧਤ 12 ਸੇਵਾਵਾਂ ਹੁਣ ਸੇਵਾ ਕੇਂਦਰ ਤੋਂ ਮਿਲਣਗੀਆਂ। -ਪੱਤਰ ਪ੍ਰੇਰਕ

ਸੜਕ ਦਾ ਨਾਮ ਸੰਤ ਦਲੇਲ ਸਿੰਘ ਮਾਰਗ ਰੱਖਿਆ

ਫਗਵਾੜਾ: ਜੀਟੀ ਰੋਡ ਮੌਲੀ ਤੋਂ ਜਗਤਪੁਰ ਜੱਟਾਂ ਨੂੰ ਜਾਣ ਵਾਲੀ ਸੜਕ ਦਾ ਨਾਮ ਪੰਜਾਬ ਸਰਕਾਰ ਵੱਲੋਂ ਸੰਤ ਬਾਬਾ ਦਲੇਲ ਸਿੰਘ ਮਾਰਗ ਰੱਖ ਦਿੱਤਾ ਗਿਆ ਹੈ। ਇਹ ਖੁਲਾਸਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਪੰਡਵਾਂ ’ਚ ਨਿਰਮਲ ਕੁਟੀਆ ਸੰਤ ਬਾਬਾ ਦਲੇਰ ਸਿੰਘ ਜੀ ਦਾ ਅਸਥਾਨ ਹੈ ਜਿਥੇ ਸੈਂਕੜੇ ਸ਼ਰਧਾਲੂ ਅਕਸਰ ਆਉਂਦੇ ਜਾਂਦੇ ਹਨ। ਬਾਬਾ ਜੀ ਦੀ ਯਾਦ ’ਚ ਉਨ੍ਹਾਂ ਦੇ ਨਾਮ ’ਤੇ ਮਾਰਗ ਰੱਖਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਪੰਡਵਾਂ ਪੁੱਜ ਕੇ ਸੰਤ ਗੁਰਚਰਨ ਸਿੰਘ ਨੂੰ ਇਸ ਸਬੰਧੀ ਪੱਤਰ ਭੇਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ ਸਮੇਤ ਕਈ ਪ੍ਰਮੁੱਖ ਸ਼ਾਮਲ ਸਨ। -ਪੱਤਰ ਪ੍ਰੇਰਕ

Advertisement

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਨੇ ਦੋ ਸੋਨ ਤਗ਼ਮੇ ਜਿੱਤੇ

ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਦੀ ਖੋ-ਖੋ (ਅੰਡਰ-17) ਲੜਕੀਆਂ ਅਤੇ ਕਬੱਡੀ (ਅੰਡਰ-17) ਲੜਕੇ ਦੀਆਂ ਟੀਮਾਂ ਨੇ ਸੀਬੀਐੱਸਈ ਕਲੱਸਟਰ-18 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤ ਕੇ ਸੰਸਥਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੂੰ ਬੈਸਟ ਖਿਡਾਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਸਣੇ ਸਮੁੱਚੀ ਮੈਨਜਮੈਂਟ ਟੀਮ ਨੇ ਵਧਾਈ ਦਿੱਤੀ। -ਪੱਤਰ ਪ੍ਰੇਰਕ

ਧਾਰੀਵਾਲ ਤਹਿਸੀਲ ਵਿੱਚ ਈਜ਼ੀ ਰਜਿਸਟ੍ਰੇਸ਼ਨ ਸ਼ੁਰੂ

ਧਾਰੀਵਾਲ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਲਈ ਸ਼ੁਰੂ ਕੀਤੀ ਗਈ ਈਜ਼ੀ ਰਜਿਸ਼ਟ੍ਰੇਸ਼ਨ ਸਕੀਮ ਤਹਿਤ ਸਥਾਨਕ ਸਬ ਤਹਿਸੀਲ ਧਾਰੀਵਾਲ ਵਿੱਚ ਵੀ ਰਜਿਸ਼ਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਬ ਤਹਿਸੀਲ ਵਿੱਚ ਕੰਮ ਕਰਵਾਉਣ ਆਏ ਆਮ ਲੋਕਾਂ ਅਤੇ ਦਫਤਰੀ ਸਟਾਫ ਲਈ ਸਾਫ ਸੁਥਰੇ ਕਮਰੇ ਤਿਆਰ ਕੀਤੇ ਗਏ ਹਨ ਜਿਹਨਾਂ ਵਿੱਚ ਪਬਲਿਕ ਦੇ ਬੈਠਣ ਲਈ ਢੁੱਕਵੇਂ ਪ੍ਰਬੰਧ ਸਮੇਤ ਏਸੀ ਆਦਿ ਲਗਾ ਕੇ ਲੋਕਾਂ ਦੀ ਸਹੂਲਤ ਦਾ ਹਰ ਖਿਆਲ ਰੱਖਿਆ ਗਿਆ ਹੈ। ਇਸ ਮੌਕੇ ਉਹਨਾਂ ਇਸ ਸਕੀਮ ਤਹਿਤ ਰਜਿਸਟਰਡ ਕੀਤਾ ਗਿਆ ਪਹਿਲਾ ਦਸਤਾਵੇਜ਼ ਖਰੀਦਦਾਰ ਨੂੰ ਦਿੰਦਿਆਂ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਗੁਰਪ੍ਰੀਤ ਕਸ਼ਅਪ, ਗੁਰਭੇਜ ਸਿੰਘ ਕਲਸੀ ਟੈਕਨੀਕਲ ਸਹਾਇਕ, ਚੇਤਨ ਸ਼ਰਮਾ ਡਾਟਾ ਐਟਰੀ ਆਪਰੇਟਰ ਅਤੇ ਡਾ. ਰਮਿੰਦਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਪੈਨਸ਼ਨਰ ਐਸੋਸੀਏਸ਼ਨ ਦਾ ਡੈਲੀਗੇਟ ਇਜਲਾਸ ਸੰਪੰਨ

ਗੁਰਾਇਆ: ਪੈਨਸ਼ਨਰ ਐਸੋਸੀਏਸ਼ਨ ਰਜਿ. ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਤੀਜਾ ਡੈਲੀਗੇਟ ਇਜਲਾਸ ਮਿਲਨ ਪੈਲਸ ਗੁਰਾਇਆ ਵਿੱਚ ਸੰਪੰਨ ਹੋਇਆ | ਇਸ ਦੌਰਾਨ ਜਥੇਬੰਦੀ ਦਾ ਝੰਡਾ ਲਹਿਰਾ ਕੇ ਇਜਲਾਸ ਸ਼ੁਰੂ ਕੀਤਾ ਗਿਆ| ਜਥੇਬੰਦੀ ਦੀ ਨਵੀਂ ਚੋਣ ਦੌਰਾਨ ਅਵਿਨਾਸ਼ ਚੰਦਰ ਸ਼ਰਮਾ ਨੂੰ ਪ੍ਰਧਾਨ, ਰਾਕੇਸ਼ ਕੁਮਾਰ ਸ਼ਰਮਾ, ਦੇਵ ਰਾਜ ਲੁਧਿਆਣਾ, ਕੁਲਦੀਪ ਸਿੰਘ ਖੰਨਾ, ਮੁਖਤਿਆਰ ਸਿੰਘ ਤੇ ਅਮਰਜੀਤ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ, ਧਨਵੰਤ ਸਿੰਘ ਭੱਠਲ ਨੂੰ ਜਨਰਲ ਸਕੱਤਰ, ਸ਼ਿਵ ਕੁਮਾਰ ਤਿਵਾੜੀ ਨੂੰ ਮੀਤ ਜਨਰਲ ਸਕੱਤਰ, ਦਰਸ਼ਨ ਸਿੰਘ ਮਹਿਤਾ ਨੂੰ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਮੰਨਣ ਤੇ ਜਸਵੰਤ ਸਿੰਘ ਨੂੰ ਸਕੱਤਰ, ਜੈਲ ਸਿੰਘ ਨੂੰ ਜਥੇਬੰਦਕ ਸਕੱਤਰ, ਸਿੰਦਰ ਧੌਲ ਨੂੰ ਪ੍ਰੈੱਸ ਸਕੱਤਰ, ਭੁਪਿੰਦਰ ਕੁਮਾਰ ਕੱਕੜ ਨੂੰ ਦਫ਼ਤਰੀ ਸਕੱਤਰ ਤੇ ਜੋਗਿੰਦਰ ਸਿੰਘ ਰੰਧਾਵਾ ਨੂੰ ਐਡੀਟਰ ਨਿਯੁਕਤ ਕੀਤਾ ਗਿਆ| -ਨਿੱਜੀ ਪੱਤਰ ਪ੍ਰੇਰਕ

ਅੰਨਪੂਰਨਾ ਰਸੋਈ ਲਈ ਸਹਿਯੋਗ ਰਾਸ਼ੀ ਦਿੱਤੀ

ਪਠਾਨਕੋਟ: ਲਾਇਨਜ਼ ਕਲੱਬ ਪਠਾਨਕੋਟ ਮੇਨ ਵੱਲੋਂ ਪ੍ਰਧਾਨ ਨਰਿੰਦਰ ਮਹਾਜਨ ਦੀ ਅਗਵਾਈ ਵਿੱਚ ਰਾਮਲੀਲਾ ਗਰਾਊਂਡ ਵਿੱਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਚਲਾਈ ਜਾ ਰਹੀ ਅੰਨਪੂਰਨਾ ਰਸੋਈ ਵਿੱਚ ਇੱਕ ਪ੍ਰੋਜੈਕਟ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਲਾਇਨਜ਼ ਕਲੱਬ ਡਿਸਟ੍ਰਿਕਟ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਰਾਜੀਵ ਖੋਸਲਾ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਅਤੇ ਪ੍ਰਾਜੈਕਟ ਚੇਅਰਮੈਨ ਨਰਿੰਦਰ ਮਹਾਜਨ ਵੱਲੋਂ ਅੰਨਪੂਰਨਾ ਰਸੋਈ ਵਿੱਚ ਲੋਕਾਂ ਨੂੰ ਭੋਜਨ ਕਰਵਾਉਣ ਦੀ ਵਿਵਸਥਾ ਦੇ ਰੂਪ ਵਿੱਚ ਇੱਕ ਦਿਨ ਦੀ ਰਾਸ਼ਨ ਸਮਗਰੀ ਲਈ ਸਹਿਯੋਗ ਰਾਸ਼ੀ ਦਾ ਚੈਕ ਦਿੱਤਾ ਗਿਆ। ਇਸ ਮੌਕੇ ਸਕੱਤਰ ਸਮੀਰ ਗੁਪਤਾ, ਪ੍ਰੋਜੈਕਟ ਸਕੱਤਰ ਵਿਜੇ ਪਾਸੀ, ਪੀਆਰਓ ਨਰਿੰਦਰ ਗੁਪਤਾ, ਕਲੱਬ ਗਾਈਡਲਾਈਨ ਸੰਜੀਵ ਗੁਪਤਾ, ਹਤਿੰਦਰ ਸਿੰਘ, ਪੰਕਜ ਮਹਿਤਾ, ਬੀਐਮ ਬੇਦੀ, ਰਾਕੇਸ਼ ਅਗਰਵਾਲ, ਸੰਦੀਪ ਸਰਨਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਥਾਣੇਦਾਰ ਨੇ ਅਹੁਦਾ ਸੰਭਾਲਿਆ

ਧਾਰੀਵਾਲ: ਇੰਸਪੈਕਟਰ ਹਰਪਾਲ ਸਿੰਘ ਨੇ ਥਾਣਾ ਧਾਰੀਵਾਲ ਦਾ ਬਤੌਰ ਮੁੱਖ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਥਾਣਾ ਧਾਰੀਵਾਲ ਅਧੀਨ ਪੈਂਦੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਚੌਕਸੀ ਵਰਤੀ ਜਾਵੇਗੀ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਸਰਕਾਰੀ ਨਿਯਮਾਂ ਅਨੁਸਾਰ ਆਪਣੀ ਹਦੂਦ ਤੱਕ ਹੀ ਰੱਖਣ ਤਾਂ ਜੋ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਨਾ ਆਵੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਵਿਵਸਥਾ ਬਣਾਈ ਰੱਖਣ, ਨਸ਼ਿਆਂ ਅਤੇ ਗੈਰ-ਸਮਾਜਿਕ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਦਾ ਪੂਰਨ ਸਹਿਯੋਗ ਦੇਣ। -ਪੱਤਰ ਪ੍ਰੇਰਕ

Advertisement
×