ਜਲੰਧਰ ਵਿੱਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਅੱਜ ਇਥੇ ਸਵੇਰੇ ਪਏ ਭਰਵੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਬੀਐੱਸਐੱਫ ਚੌਕ, ਲਾਡੋਵਾਲੀ ਰੋਡ, ਲੰਬਾ ਪਿੰਡ ਚੌਕ, ਰਾਮਾ ਮੰਡੀ, ਘਾਹ ਮੰਡੀ, ਦਮੋਰੀਆਂ ਪੁਲ, ਇਕਹਰੀ ਪੁਲੀ, ਮਾਈ ਹੀਰਾ ਗੇਟ, ਕੋਟ ਮੁਹੱਲਾ, ਚੋਗਿਟੀ, ਗੁਰੂ ਨਾਨਕਪੁਰਾ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ ਸਣੇ ਹੋਰ ਕਈ ਥਾਂਵਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿਚ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋਣ ਕਾਰਨ ਲੋਕ ਬਾਲਟੀਆਂ ਨਾਲ ਪਾਣੀ ਕੱਢਦੇ ਰਹੇ। ਤੇਜ਼ ਮੀਂਹ ਕਰਨ ਆਦਮਪੁਰ, ਜੰਡੂਸਿੰਘਾ, ਕਠਾਰ ਤੇ ਹੋਰ ਕਈ ਪਿੰਡਾਂ ਵਿਚ ਹੜ੍ਹ ਵਾਲੀ ਸਥਿਤੀ ਬਣ ਗਈ ਤੇ ਸੜਕਾਂ ਨੇ ਝੀਲ ਦਾ ਰੂਪ ਧਾਰ ਲਿਆ। ਆਦਮਪੁਰ ਦੇ ਜਟਾਂ ਮੁੱਹਲੇ, ਸੰਗਰਾਂ, ਗਾਜੀਪੁਰ, ਖੁਰਦਪੁਰ, ਚੌਂਕ ਘੰਟਾ ਘਰ, ਰੇਲਵੇ ਰੋਡ, ਬੱਸ ਸਟੈਂਡ ਰੋਡ ਤੇ ਹੋਰ ਥਾਵਾਂ ’ਤੇ ਪਾਣੀ ਹੀ ਪਾਣੀ ਨਜਰ ਆ ਰਿਹਾ ਸੀ ਤੇ ਸੜਕ ਵਿਚਕਾਰ ਪਏ ਟੋਇਆ ਕਾਰਨ ਕਈ ਵਾਹਨ ਫਸੇ ਦਿਖਾਈ ਦਿੱਤੇ ਤੇ ਦੋਪਹੀਆ ਚਾਲਕ ਵੀ ਟੋਇਆ ਵਿੱਚ ਡਿੱਗੇ। ਆਦਮਪੁਰ ਵਿੱਚ ਕਈ ਦੁਕਾਨਾਂ ਵਿੱਚ ਪਾਣੀ ਭਰ ਗਿਆ ਤੇ ਦੁਕਾਨਦਾਰਾਂ ਦਾ ਸਾਮਾਨ ਖਰਾਬ ਹੋ ਗਿਆ। ਇਸ ਤੋਂ ਇਲਾਵਾ ਬੱਸ ਸਟੈਂਡ ਵਿੱਚ ਵੀ ਪਾਣੀ ਭਰ ਗਿਆ ਤੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ।