ਨੌਜਵਾਨ ਭਾਰਤ ਸਭਾ ਵੱਲੋਂ ਹੜ੍ਹ ਦੀ ਮਾਰ ਹੇਠ ਆਏ ਲੋਹੀਆਂ ਖਾਸ ਬਲਾਕ ਦੇ ਪਿੰਡ ਧੱਕਾ ਬਸਤੀ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਸਰਕਾਰ ਤੋਂ ਮੰਗ ਕੀਤੀ ਗਈ। ਇਸ ਸਮੇਂ ਮੌਕੇ ’ਤੇ ਪਹੁੰਚੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਐੱਮਪੀ ਕੋਟੇ ’ਚੋਂ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਲੋਹੀਆਂ ਅਤੇ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਾਲ 2023 ਵਿੱਚ ਵੀ ਲੋਕਾਂ ਦੇ ਉਜਾੜੇ ਤੋਂ ਬਾਅਦ ਸਾਰ ਨਹੀਂ ਲਈ ਗਈ। ਅੱਜ ਘਰ ਬਾਰ ਛੱਡ ਕੇ ਲੋਕ ਬੰਨ੍ਹ ’ਤੇ ਰਹਿਣ ਲਈ ਮਜਬੂਰ ਹਨ। ਲਗਪਗ 96 ਪਰਿਵਾਰ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਸਭਾ ਨੇ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਦਾ ਪੱਕੇ ਤੌਰ ’ਤੇ ਕਿਸੇ ਸੁਰੱਖਿਅਤ ਜਗ੍ਹਾ ’ਤੇ ਪ੍ਰਬੰਧ ਕੀਤਾ ਜਾਵੇ ਅਤੇ ਮਕਾਨ ਦੀ ਉਸਾਰੀ ਲਈ ਪੰਜ ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਭਾ ਦੇ ਆਗੂ ਨਵਜੋਤ ਸਿਆਣੀਵਾਲ ਤਾਰਾ ਸਿੰਘ ਅਤੇ ਬਿੱਟੂ ਧੱਕਾ ਬਸਤੀ ਹਾਜ਼ਰ ਸਨ।