ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਧਿਕਾਰੀ ਵੱਲੋਂ ਹਸਪਤਾਲ ਦੀ ਜਾਂਚ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੋਨੀਟਰ ਬਾਲਕ੍ਰਿਸ਼ਨ ਗੋਇਲ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਇੱਕ ਆਂਗਣਬਾੜੀ ਸੈਂਟਰ ਦੀ ਚੈਕਿੰਗ ਕੀਤੀ। ਇਸ ਤੋਂ ਬਾਅਦ ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ, ਸਬ-ਜੇਲ੍ਹ ਤੇ ਵਿਮੈਨ ਸੈਲ ਦੀ ਵੀ ਚੈਕਿੰਗ ਕੀਤੀ ਗਈ। ਸਿਵਲ ਹਸਪਤਾਲ ਵਿੱਚ ਉਨ੍ਹਾਂ ਸਾਰੇ ਵਾਰਡਾਂ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਦਵਾਈਆਂ ਆਦਿ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਿਵਲ ਸਰਜਨ ਅਦਿੱਤੀ ਸਲਾਰੀਆ ਅਤੇ ਐਸਐਮਓ ਡਾ. ਸੁਨੀਲ ਚੰਦ ਮੌਜੂਦ ਸਨ। ਬਾਅਦ ਵਿੱਚ ਉਨ੍ਹਾਂ ਸਿਵਲ ਸਰਜਨ ਦਫਤਰ ਵਿੱਚ ਹਸਪਤਾਲ ਦੇ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਖਾਮੀਆਂ ਨੂੰ ਦੂਰ ਕਰਨ ਲਈ ਨਿਰਦੇਸ਼ ਦਿੱਤੇ। ਸਪੈਸ਼ਲ ਮੋਨੀਟਰ ਨੇ ਦੱਸਿਆ ਕਿ ਉਹ ਪੰਜਾਬ ਦੇ 6 ਦਿਨਾਂ ਦੌਰੇ ਤੇ ਹਨ ਅਤੇ ਅੱਜ ਪਠਾਨਕੋਟ ਵਿਖੇ ਪਹਿਲਾ ਦਿਨ ਹੈ। ਇਸ ਦੌਰੇ ਦੌਰਾਨ ਜੋ ਵੀ ਰਿਪੋਰਟ ਬਣੇਗੀ ਉਹ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇਗੀ ਅਤੇ ਕਮਿਸ਼ਨ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਦਿਸ਼ਾ-ਨਿਰਦੇਸ਼ ਦੇਵੇਗਾ।
ਦਵਾਈ ਦਾ ਨਾਂ ਨਾ ਦੱਸ ਸਕੀ ਹੈਲਪਰ; ਕਾਰਵਾਈ ਦੇ ਹੁਕਮ
ਚੈਕਿੰਗ ਦੌਰਾਨ ਸਪੈਸ਼ਲ ਮੋਨੀਟਰ ਬਾਲਕ੍ਰਿਸ਼ਨ ਗੋਇਲ ਦੀ ਨਜ਼ਰ ਇੱਕ ਮਨੋਰੋਗ ਮਾਹਿਰ ਵੱਲੋਂ ਆਪਣੇ ਕਮਰੇ ਦੇ ਬਾਹਰ ਮਰੀਜ਼ਾਂ ਨੂੰ ਕੰਟਰੋਲ ਕਰਨ ਵਾਲੀ ਇੱਕ ਹੈਲਪਰ ਔਰਤ ਉਪਰ ਪਈ ਤਾਂ ਉਨ੍ਹਾਂ ਉਕਤ ਔਰਤ ਨੂੰ ਪੁੱਛਿਆ ਕਿ ਉਹ ਕਿੰਨੀ ਪੜ੍ਹੀ-ਲਿਖੀ ਹੈ। ਔਰਤ ਦੇ 12ਵੀਂ ਪਾਸ ਹੋਣ ਤੇ ਉਨ੍ਹਾਂ ਉਸ ਔਰਤ ਨੂੰ ਉਥੇ ਪਈ ਇੱਕ ਦਵਾਈ ਦਾ ਨਾਂ ਦੱਸਣ ਲਈ ਕਿਹਾ ਤਾਂ ਉਕਤ ਔਰਤ ਦੱਸ ਨਾ ਸਕੀ ਜਿਸ ’ਤੇ ਸਪੈਸ਼ਲ ਮੋਨੀਟਰ ਨੇ ਉਸ ਉਪਰ ਮਾਮਲਾ ਦਰਜ ਕਰਨ ਲਈ ਨਿਰਦੇਸ਼ ਦੇ ਦਿੱਤਾ। ਇਸ ’ਤੇ ਸਪੈਸ਼ਲ ਮੋਨੀਟਰ ਨੇ ਉਸ ਤੋਂ ਅਤੇ ਮਨੋਰੋਗ ਮਾਹਿਰ ਤੋਂ ਲਿਖਤੀ ਮੁਆਫੀ ਮੰਗਵਾਈ ਅਤੇ ਸਿਵਲ ਸਰਜਨ ਨੇ ਵੀ ਵਿਸ਼ਵਾਸ ਦਿਵਾਇਆ ਕਿ 24 ਘੰਟਿਆਂ ਵਿੱਚ ਯੋਗ ਕਾਰਵਾਈ ਕੀਤੀ ਜਾਵੇਗੀ।