ਪੱਤਰ ਪ੍ਰੇਰਕ
ਕਪੂਰਥਲਾ, 14 ਜੁਲਾਈ
ਸੈਨਿਕ ਸਕੂਲ ਕਪੂਰਥਲਾ ’ਚ ਸਰਬ ਭਾਰਤੀ ਸੈਨਿਕ ਸਕੂਲ ਰਾਸ਼ਟਰੀ ਖੇਡਾਂ 2025 ਗਰੁੱਪ-ਏ ਦੀ ਧੂਮਧਾਮ ਨਾਲ ਸ਼ੁਰੂਆਤ ਹੋਈ। ਇਹ ਖੇਡਾਂ ਦਾ ਸਮਾਗਮ 14 ਤੋਂ 19 ਜੁਲਾਈ ਤੱਕ ਚੱਲੇਗਾ। ਸੈਨਿਕ ਸਕੂਲ ਕਪੂਰਥਲਾ ਇਨ੍ਹਾਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਨ੍ਹਾਂ ਖੇਡਾਂ ’ਚ ਕੁੱਲ ਸੱਤ ਸੈਨਿਕ ਸਕੂਲਾਂ ਦੇ ਕੈਡੇਟਾਂ ਨੇ ਹਿੱਸਾ ਲਿਆ।
ਸੈਨਿਕ ਸਕੂਲ ਕਪੂਰਥਲਾ (ਪੰਜਾਬ), ਸੈਨਿਕ ਸਕੂਲ ਨਗਰੋਟਾ (ਜੰਮੂ ਤੇ ਕਸ਼ਮੀਰ), ਸੈਨਿਕ ਸਕੂਲ ਸੁਜਾਨਪੁਰ ਟੀਰਾ (ਹਿਮਾਚਲ ਪ੍ਰਦੇਸ਼), ਸੈਨਿਕ ਸਕੂਲ ਕੁੰਜਪੁਰਾ (ਹਰਿਆਣਾ), ਸੈਨਿਕ ਸਕੂਲ ਖਰਾਖੇਰੀ ਫਤਿਹਾਬਾਦ (ਹਰਿਆਣਾ), ਦਇਆ ਨੰਦ ਸੈਨਿਕ ਸਕੂਲ ਨਾਭਾ (ਪੰਜਾਬ) ਤੇ ਆਰ.ਐਸ. ਗੁਰੂਕੁਲਮ ਸੈਨਿਕ ਸਕੂਲ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ’ਚ ਹਿੱਸਾ ਲਿਆ। ਇਨ੍ਹਾਂ ਖੇਡਾਂ ’ਚੋਂ ਵਾਲੀਬਾਲ, ਬਾਸਕਟਬਾਲ, ਅਥਲੈਟਿਕਸ ਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹਨ।
ਸਮਾਗਮ ਦੇ ਆਰੰਭ ’ਚ ਮੁੱਖ ਮਹਿਮਾਨ ਦੇ ਰੂਪ ’ਚ ਸੁਖਚੈਨ ਸਿੰਘ ਪੰਨੂ ਹਾਜ਼ਰ ਹੋਏ। ਸਕੂਲ ’ਚ ਪਹੁੰਚਣ ਉਪਰੰਤ ਮੁੱਖ ਮਹਿਮਾਨ ਨੇ ਸਾਈਕੇਪ ਸਮ੍ਰਿਤੀ ਸਥਲ ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸੰਬੋਧਨ ’ਚ ਵਿਦਿਆਰਥੀਆਂ ਨੂੰ ਆਪਣੀ ਲਕਸ਼ ਦੀ ਪ੍ਰਾਪਤੀ ਲਈ ਮਿਹਨਤ ਕਰਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਜੀਵਨ ’ਚ ਬਹੁਤ ਜ਼ਰੂਰੀ ਹਨ ਤੇ ਇਹ ਖੇਡਾਂ ਹੀ ਕਈ ਕੁਝ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸੈਨਿਕ ਸਕੂਲ ਦੀ ਵਿਦਿਆਰਥੀਆਂ ਲਈ ਸਭ ਤੋਂ ਜ਼ਰੂਰੀ ਅਨੁਸ਼ਾਸਨ ਹੈ , ਅਨੁਸ਼ਾਸਨ ’ਚ ਰਹਿ ਕੇ ਆਪਣੇ ਚਰਿੱਤਰ ਦਾ ਵਿਕਾਸ ਕਰੋ ਤੇ ਅੱਗੇ ਜਾ ਕੇ ਤੁਸੀਂ ਹੀ ਦੇਸ਼ ਦੀ ਅਗਵਾਈ ਕਰਨੀ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਅਤੇ ਐਡਮ ਅਫਸਰ ਲੈਫਟੀਨੈਂਟ ਕਰਨਲ ਉਮੇਸ਼ ਮੋਲੇ ਵੀ ਹਾਜ਼ਰ ਸਨ।