ਜਲੰਧਰ/ਕਪੂਰਥਲਾ (ਹਤਿੰਦਰ ਮਹਿਤਾ/ਜਸਬੀਰ ਚਾਨਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲਿਆ ਤੀਜਾ ‘ਹਰਾ ਨਗਰ ਕੀਰਤਨ’ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ ਦੇਰ ਸ਼ਾਮ ਸੁਲਤਾਨਪੁਰ ਲੋਧੀ ਪਹੁੰਚ ਗਿਆ ਹੈ। ਨਗਰ ਕੀਰਤਨ ਦੌਰਾਨ ਪਿੰਡਾਂ ਦੇ ਲੋਕਾਂ ਨੇ ਥਾਂ-ਥਾਂ ’ਤੇ ਨਿੱਘਾ ਸਵਾਗਤ ਕੀਤਾ। ਇਸ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਹਿਰਾਂ ਤੋਂ ਮੁਕਤ ਖੇਤੀ ਕਰਨ ਨੂੰ ਤਰਜੀਹ ਦੇਣ।
ਸੰਤ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਵਿੱਚ ਖੇਤੀ ਕਰਦਿਆ ਗੁਜ਼ਾਰਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਮੁਨਾਫ਼ਾ ਕਮਾਉਣ ਦੀ ਦੌੜ ਵਿੱਚ ਫਸੇ ਮਨੁੱਖ ਨੇ ਫ਼ਸਲਾਂ ’ਚ ਜ਼ਹਿਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਸਲਾਂ ਵਿੱਚ ਪਾਈਆਂ ਜ਼ਹਿਰਾਂ ਮਾਂ ਦੇ ਦੁੱਧ ਤੱਕ ਪਹੁੰਚ ਗਈਆਂ ਹਨ। ਨਗਰ ਕੀਰਤਨ ’ਚ ਝਲਕੀ ਦੌਰਾਨ ਸੀਚੇਵਾਲ ਮਾਡਲ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਪਵਿੱਤਰ ਵੇਈਂਂ ਦੀ ਕਾਰ ਸੇਵਾ ਦੇ 25 ਸਾਲਾਂ ਦੇ ਇਤਿਹਾਸ ਬਾਬਤ ਬਾਖੂਬੀ ਦੱਸਿਆ ਗਿਆ ਸੀ। ਸਕੂਲ ਦੇ ਬੱਚਿਆਂ ਵਲੋਂ ਵੀ ਵਾਤਾਵਰਨ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5600 ਬੂਟਿਆਂ ਦਾ ਪ੍ਰਸ਼ਾਦ ਵੰਡਿਆ। ਸੀਚੇਵਾਲ ਤੋਂ ਚੱਲੇ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਖ-ਵੱਖ ਪਿੰਡਾਂ ਰਾਹੀ 40 ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕੀਤਾ। ਇਸ ਨਗਰ ਕੀਰਤਨ ਵਿੱਚ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਸਿਰਸਾ ਤੋਂ ਸੰਤ ਜੀਤ ਸਿੰਘ ਨੇ ਲਿਆ ਹਿੱਸਾ
ਬਾਊਪੁਰ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ 16 ਤੋਂ ਵੱਧ ਟਰੈਕਟਰ ਲਿਆਉਣ ਵਾਲੇ ਸੰਤ ਜੀਤ ਸਿੰਘ ਸੰਗਤਾਂ ਸਮੇਤ ਸਿਰਸਾ ਤੋਂ ਉਚੇਚਾ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਆਏ। ਉਨ੍ਹਾਂ ਜਿੱਥੇ ਸ਼ਬਦ ਗੁਰਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਸਿਰਸਾ ਤੋਂ ਤਿੰਨ ਪਿੰਡਾਂ ਦੀ ਸੰਗਤ ਪੁੱਜੀ ਹੋਈ ਸੀ। ਹੁਣ ਵੀ ਉਹ ਪ੍ਰੋਗਰਾਮ ਬਣਾ ਰਹੇ ਹਨ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਸਾਨਾਂ ਦੀ ਕਣਕ ਦੀ ਬਿਜਾਈ ਵਿੱਚ ਮੱਦਦ ਕਰਕੇ ਜਾਣ।
ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ ’ਤੇ
ਕਪੂਰਥਲਾ (ਪੱਤਰ ਪ੍ਰੇਰਕ): ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਐਤਵਾਰ ਨੂੰ ਜੋੜ ਮੇਲੇ ਦੀ ਸ਼ੁਰੂਆਤ ਨਾਲ ਹੀ ਸੰਗਤਾਂ ਦਾ ਭਾਰੀ ਸੈਲਾਬ ਉਮੜ ਪਿਆ। ਗੁਰਦੁਆਰੇ ਤੱਕ ਲਗਪਗ ਇੱਕ ਕਿਲੋਮੀਟਰ ਤੱਕ ਟਰੈਫਿਕ ਜਾਮ ਲੱਗੇ ਰਹੇ। ਗੁਰਦੁਆਰਾ ’ਚ ਰੰਗ-ਬਿਰੰਗੇ ਫੁੱਲਾਂ ਨਾਲ ਕੀਤੀ ਸਜਾਵਟ ਨੇ ਸੰਗਤਾਂ ਦਾ ਮਨ ਮੋਹ ਲਿਆ। ਮੈਨੇਜਰ ਅਵਤਾਰ ਸਿੰਘ ਤੇ ਗਿਆਨੀ ਸਤਨਾਮ ਸਿੰਘ ਨੇ ਦੱਸਿਆ ਕਿ 3 ਨਵੰਬਰ ਦੀ ਰਾਤ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਹੋਵੇਗੀ, ਜਦਕਿ 4 ਨਵੰਬਰ ਸਵੇਰੇ 10 ਵਜੇ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਨਿਕਲੇਗਾ। 5 ਨਵੰਬਰ ਦੀ ਸ਼ਾਮ ਸ਼ਾਨਦਾਰ ਦੀਪਮਾਲਾ ਤੇ ਆਤਿਸ਼ਬਾਜ਼ੀ ਹੋਵੇਗੀ।ਉਨ੍ਹਾਂ ਕਿਹਾ ਕਿ 3 ਨਵੰਬਰ ਦੀ ਸ਼ਾਮ ਆਸਾਮ ਤੋਂ ਆਰੰਭ ਹੋਇਆ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਇੱਥੇ ਪੁੱਜੇਗਾ। ਉਨ੍ਹਾਂ ਦੱਸਿਆ ਕਿ ਤਿਆਰੀਆਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਦੌਰਾਨ ਪ੍ਰਕਾਸ਼ ਦਿਹਾੜੇ ਸਬੰਧੀ ਮਹਾਨ ਨਗਰ ਕੀਰਤਨ ਅੱਜ ਗੁਰਦੁਆਰਾ ਸਿੰਘ ਸਭਾ ਨਿੰਮਾ ਵਾਲਾ ਚੌਂਕ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਨੇ ਦੱਸਿਆ ਕਿ ਦੁਪਹਿਰ ਇੱਕ ਵਜੇ ਨਗਰ ਕੀਰਤਨ ਰਾਮਗੜ੍ਹੀਆਂ ਗੁਰਦੁਆਰਾ ਰੋਡ, ਨਾਈਆ ਚੌਕ, ਸਰਾਏ ਰੋਡ, ਰੇਲਵੇ ਰੋਡ, ਮੰਡੀ ਰੋਡ, ਗਾਂਧੀ ਚੌਕ, ਬਾਂਸਾ ਬਾਜ਼ਾਰ, ਗਊਸ਼ਾਲਾ ਰੋਡ ਆਦਿ ਖੇਤਰਾਂ ’ਚੋਂ ਨਿਕਲੇਗਾ ਜਿਥੇ ਸੰਗਤਾਂ ਵਲੋਂ ਭਰਵਾ ਸੁਆਗਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਸ਼ਾਹਕੋਟ ’ਚ ਅੱਜ ਸਜੇਗਾ ਨਗਰ ਕੀਰਤਨ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਨਵੰਬਰ ਨੂੰ ਸ਼ਾਹਕੋਟ ਵਿੱਚ ਅਤੇ 4 ਨਵੰਬਰ ਨੂੰ ਮਲਸੀਆਂ ’ਚ ਨਗਰ ਕੀਰਤਨ ਸਜਾਏ ਜਾ ਰਹੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੇ ਪ੍ਰਧਾਨ ਸੁਖਜੀਤ ਸਿੰਘ ਝੀਤਾ, ਮੀਤ ਪ੍ਰਧਾਨ ਕਮਲਜੀਤ ਸਿੰਘ, ਸਕੱਤਰ ਸੁਖਵਿੰਦਰ ਸਿੰਘ ਅਤੇ ਵਿੱਤ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 3 ਨਵੰਬਰ ਨੂੰ ਨਗਰ ਕੀਤਨ ਸਜਾਇਆ ਜਾਵੇਗਾ ਅਤੇ ਇਸੇ ਦਿਨ ਗੁਰਦੁਆਰਾ ਸਾਹਿਬ ’ਚ ਅਖੰਡ ਪਾਠ ਆਰੰਭ ਹੋਣਗੇ। 4 ਨਵੰਬਰ ਨੂੰ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਬਦਲੇ ਜਾਣਗੇ। 5 ਨਵੰਬਰ ਨੂੰ ਅਖੰਡ ਪਾਠ ਦੇ ਭੋਗ ਪੈਣਗੇ ਅਤੇ ਰਾਤ ਨੂੰ 7 ਵਜੇ ਤੋਂ ਲੈ ਕੇ 8.30 ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਇਸੇ ਤਰ੍ਹਾਂ ਗੁਰਦੁਆਰਾ ਦਮਦਮਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮਲਸੀਆਂ ਵਿਚ 4 ਨਵੰਬਰ ਨੂੰ ਨਗਰ ਕੀਰਨ ਸਜਾਇਆ ਜਾਵੇਗਾ।

