ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।
ਇਹ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਤੋਂ ਸ਼ੁਰੂ ਹੋ ਕੇ ਪਿੰਡ ਮਾਨ, ਚਵਿੰਡਾ ਦੇਵੀ, ਸ਼ਹਿਜ਼ਾਦਾ, ਫੱਤੂਭੀਲਾ, ਖੈੜੇ ਬਾਲਾ ਚੱਕ, ਬਾਬੋਵਾਲ, ਟਾਹਲੀ ਸਾਹਿਬ, ਬੱਠੂਚੱਕ, ਸਰਹਾਲਾ, ਲਹਿਰਕਾ, ਤਲਵੰਡੀ ਖੁੰਮਣ, ਸਹਿਣੇਵਾਲੀ, ਅਬਦਾਲ, ਝੰਡੇ, ਅਲਕੜੇ, ਵਰਿਆਮ ਨੰਗਲ, ਭੋਆ ਫ਼ਤਹਿਗੜ੍ਹ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਪਹੁੰਚਿਆ। ਉੱਕਤ ਪਿੰਡਾਂ ਦੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਤੇ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਯੋਧ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ, ਬਾਬਾ ਹਰਜਿੰਦਰ ਸਿੰਘ ਅਲਕੜੇ, ਬਾਬਾ ਅਮਰੀਕ ਸਿੰਘ ਅਨੰਦਪੁਰ ਸਾਹਿਬ, ਬਾਬਾ ਸੱਜਣ ਸਿੰਘ ਵਰਿਆਮ ਨੰਗਲ, ਬਾਬਾ ਮੇਜਰ ਸਿੰਘ ਸੋਢੀ, ਸਾਬਕਾ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਜਸਪਾਲ ਸਿੰਘ ਭੋਆ ਆਦਿ ਨੇ ਹਾਜ਼ਰੀ ਭਰੀ।
ਪਿੰਡ ਭਾਗੀਆਂ ਵਿੱਚ ਤਿੰਨ ਰੋਜ਼ਾ ਗੁਰਮਤਿ ਸਮਾਗਮ
ਕਾਦੀਆਂ (ਸੁੱਚਾ ਸਿੰਘ ਪਸਨਾਵਾਲ): ਇਥੋਂ ਨਜ਼ਦੀਕ ਗੁਰਦੁਆਰਾ ਭੋਰਾ ਸਾਹਿਬ ਤਪ ਅਸਥਾਨ ਸੰਤ ਬਾਬਾ ਅਨੰਤ ਰਾਮ ਜੀ ਡੰਡੇ ਵਾਲੇ (ਉਦਾਸੀ) ਪਿੰਡ ਭਾਗੀਆਂ ਵਿੱਚ ਗੁਰਦੁਆਰੇ ਦੇ ਪ੍ਰਬੰਧਕ ਸੇਵਾਦਾਰਾਂ ਵਲੋਂ ਸ਼ੁਭ ਕਰਮਨ ਸੁਸਾਇਟੀ ਅਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ 491ਵੇਂ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਅਨੰਤ ਰਾਮ ਜੀ ਡੰਡੇ ਵਾਲੇ (ਉਦਾਸੀ) ਦੀ 53ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ। ਸਮਾਗਮਾਂ ਦੌਰਾਨ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਮਹਿਤਾਬ ਸਿੰਘ ਹਜੂਰੀ ਕਥਾਵਾਚਕ ਸ੍ਰੀ ਖਡੂਰ ਸਾਹਿਬ, ਢਾਡੀ ਜਥਾ ਭਾਈ ਗੁਰਪ੍ਰਤਾਪ ਸਿੰਘ ਪਦਮ, ਜਥਾ ਬਾਬਾ ਅਵਤਾਰ ਸਿੰਘ ਪਟਿਆਲੇ ਵਾਲੇ, ਕਥਾਵਾਚਕ ਗਿਆਨੀ ਜਸਬੀਰ ਸਿੰਘ ਖੜਗ ਖਡੂਰ ਸਾਹਿਬ, ਮੀਰੀ ਪੀਰੀ ਖਾਲਸਾ ਜਥਾ ਜਗਾਧਰੀ ਵਾਲੇ ਆਦਿ ਨੇ ਸੰਗਤਾਂ ਨੂੰ ਨਿਹਾਲ ਕੀਤਾ। ਅੰਮ੍ਰਿਤ ਸੰਚਾਰ ਦੌਰਾਨ 43 ਪ੍ਰਾਣੀ ਗੁਰੂ ਵਾਲੇ ਬਣੇ।