ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਚੇਨੱਈ ਤਾਮਿਲਨਾਡੂ ਤੋਂ ਆਪਣੇ ਅਗਲੇ ਪੜਾਅ ਬੰਗਲੂਰੂ (ਕਰਨਾਟਕਾ) ਲਈ ਰਵਾਨਾ ਹੋਇਆ ਅਤੇ ਵੱਖ ਵੱਖ ਥਾਵਾਂ ਦੇ ਰੁਕਦਾ ਹੋਇਆ ਮੰਜ਼ਿਲ ’ਤੇ ਪੁੱਜਾ। ਰਸਤੇ ਵਿਚ ਸੰਗਤਾਂ ਵਲੋਂ ਪਾਵਨ ਸਰੂਪ ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਾਣੀ-ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ। ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਹਾਜaਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦਿੱਤੇ।
ਰਸਤੇ ਵਿਚ ਨਗਰ ਕੀਰਤਨ ਦਾ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਵੱਡੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਰਸਤੇ ਵਿਚ ਵੈਲੋਰ ਤਾਮਿਲਨਾਡੂ ਵਿੱਚ ਪ੍ਰਿਤਪਾਲ ਸਿੰਘ ਭਾਟੀਆ ਅਤੇ ਪਰਿਵਾਰ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਬਲਦੇਵ ਸਿੰਘ ਕਲਿਆਣ, ਮੀਤ ਸਕੱਤਰ ਕੁਲਦੀਪ ਸਿੰਘ ਰੋਡੇ, ਇੰਚਾਰਜ ਗੁਰਮੇਜ ਸਿੰਘ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਕ ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ ਸਾਹਨੀ ਆਦਿ ਮੌਜੂਦ ਸਨ।
ਪੀਲੀਭੀਤ ’ਚ ਗੁਰਮਤਿ ਸਮਾਗਮ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਬਾਬਾ ਬਲਕਾਰ ਸਿੰਘ ਪੰਜਗਰਾਈਂ ਵਾਲਿਆਂ ਦੇ ਸਹਿਯੋਗ ਨਾਲ ਗੁਰਦੁਆਰਾ ਭਗਤ ਧੰਨਾ ਉਦੈਕਰਨਪੁਰ, ਪੂਰਨਪੁਰ ਪੀਲੀਭੀਤ (ਉੱਤਰ ਪ੍ਰਦੇਸ਼) ਵਿੱਚ 26, 27 ਤੇ 28 ਸਤੰਬਰ ਨੂੰ ਤਿੰਨ ਦਿਨਾਂ ਗੁਰਮਤਿ ਸਮਾਗਮ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਮੌਕੇ ਗਿਆਨੀ ਗੁਰਮਿੰਦਰ ਸਿੰਘ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ। ਇਸ ਮੌਕੇ ਭਾਈ ਅਜੈਬ ਸਿੰਘ ਅਭਿਆਸੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਮਾਗਮ ਵਿਚ ਹਾਜ਼ਰੀ ਲਵਾਈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬਲਕਾਰ ਸਿੰਘ ਅਤੇ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।