ਟੈਕਨੀਕਲ ਸਰਵਿਸਜ਼ ਯੂਨੀਅਨ (ਟੀ ਐੱਸ ਯੂ) ਦੀ ਹੁਸ਼ਿਆਰਪੁਰ ਸਰਕਲ ਕਮੇਟੀ ਦੀ ਚੋਣ ਅੱਜ ਇੱਥੇ ਡੈਲੀਗੇਟ ਇਜਲਾਸ ਰਾਹੀਂ ਕੀਤੀ ਗਈ। ਇਸ ਚੋਣ ਮੌਕੇ ਸਮੂਹ ਡਵੀਜ਼ਨ ਕਮੇਟੀਆਂ ਦੇ ਪ੍ਰਧਾਨ, ਸਕੱਤਰ ਅਤੇ ਸਬ ਡਵੀਜ਼ਨਾਂ ਦੇ ਪ੍ਰਧਾਨ ਤੇ ਸਕੱਤਰ ਮੌਜੂਦ ਸਨ। ਚੋਣ ਨਿਗਰਾਨ ਕਮੇਟੀ ਵਜੋਂ ਟੀ ਐੱਸ ਯੂ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ, ਵਿੱਤ ਸਕੱਤਰ ਲਖਵਿੰਦਰ ਸਿੰਘ ਦੇਵੀਦਾਸ ਅਤੇ ਉੱਤਰੀ ਜ਼ੋਨ ਜਲੰਧਰ ਦੇ ਪ੍ਰਧਾਨ ਇੰਜਨੀਅਰ ਨਿਰਮਲ ਸਿੰਘ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਸਾਬਕਾ ਜਨਰਲ ਸਕੱਤਰ ਜੈਲ ਸਿੰਘ ਅਤੇ ਜ਼ੋਨ ਪ੍ਰਧਾਨ ਪ੍ਰਵੇਸ਼ ਕੁਮਾਰ ਵੀ ਮੌਜੂਦ ਸਨ।
ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਅਤੇ ਵਿੱਤ ਸਕੱਤਰ ਲਖਵਿੰਦਰ ਸਿੰਘ ਦੇਵੀਦਾਸ ਨੇ ਜਥੇਬੰਦੀ ਵੱਲੋਂ ਦਿੱਤੇ ਗਏ ਸੰਘਰਸ਼ੀ ਪ੍ਰੋਗਰਾਮਾਂ ਦੀ ਪ੍ਰੋੜਤਾ ਕੀਤੀ। ਸਕੱਤਰ ਤੇ ਵਿੱਤ ਸਕੱਤਰ ਨੇ ਰਿਪੋਰਟ ਪੇਸ਼ ਕੀਤੀ ਗਈ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੁਰਾਣੀ ਕਮੇਟੀ ਭੰਗ ਕਰਨ ਉਪਰੰਤ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਨਛੱਤਰ ਸਿੰਘ ਨੂੰ ਸਰਕਲ ਕਮੇਟੀ ਦਾ ਪ੍ਰਧਾਨ, ਮਨਦੀਪ ਮਾਜਰਾ ਨੂੰ ਸਕੱਤਰ, ਅਵਤਾਰ ਸਿੰਘ ਨੂੰ ਵਾਈਸ ਪ੍ਰਧਾਨ, ਮਨਮੋਹਨ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਕੈਸ਼ੀਅਰ ਮੁਨੀਸ਼ ਸੈਣੀ ਨੂੰ ਚੁਣਿਆ ਗਿਆ।

