ਹਰਜੀਤ ਸਿੰਘ
ਜ਼ੀਰਕਪੁਰ, 1 ਮਾਰਚ
ਇੱਥੋਂ ਦੀ ਵੀਆਈਪੀ ਰੋਡ ’ਤੇ ਲੰਘੀ ਦੇਰ ਰਾਤ ਇਕ ਨੌਜਵਾਨ ਨੂੰ ਕਿਸੇ ਹੋਰ ਦਾ ਝਗੜਾ ਸੁਲਝਾਉਣਾ ਮਹਿੰਗਾ ਪੈ ਗਿਆ। ਲੜਾਈ-ਝਗੜਾ ਕਰ ਰਹੇ ਨੌਜਵਾਨਾਂ ਨੇ ਛੁਡਵਾ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਰਾਹੁਲ ਬਾਂਸਲ ਵਾਸੀ ਗਿੱਦੜਬਾਹਾ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਪੁਲੀਸ ਨੇ ਰਾਹੁਲ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਹੁਲ ਦੇ 24 ਸਾਲਾ ਦੋਸਤ ਗੋਲਡੀ ਵਾਸੀ ਗਿੱਦੜਬਾਹਾ ਹਾਲ ਵਾਸੀ ਸਰਲੀਨ ਸੁਸਾਇਟੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਰਾਹੁਲ ਚਰਾਇਆ ਵਾਸੀ ਮਲੋਟ ਤੇ ਰਾਹੁਲ ਬਾਂਸਲ ਲੰਘੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਪਿਜ਼ਾ ਲੈਣ ਜਾ ਰਹੇ ਸੀ। ਜਦ ਉਹ ਵੀਆਈਪੀ ਰੋਡ ’ਤੇ ਪੈਂਟਾ ਹੋਮ ਸੁਸਾਇਟੀ ਦੇ ਸਾਹਮਣੇ ਪੁੱਜੇ ਤਾਂ ਉੱਥੇ ਕੁਝ ਨੌਜਵਾਨ ਇਕ ਲੜਕੇ ਦੀ ਬੇਰਿਹਮੀ ਨਾਲ ਕੁੱਟਮਾਰ ਕਰ ਰਹੇ ਸੀ। ਉਨ੍ਹਾਂ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪੀੜਤ ਕੁੱਟਮਾਰ ਤੋਂ ਬਚਣ ਲਈ ਉਨ੍ਹਾਂ ਦੀ ਕਾਰ ’ਚ ਬੈਠ ਗਿਆ। ਇਸ ਦੌਰਾਨ ਹਮਲਾਵਰਾਂ ਨੇ ਕਾਰ ’ਚ ਬੈਠੇ ਰਾਹੁਲ ਬਾਂਸਲ ਨੂੰ ਬਾਹਰ ਕੱਢ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਕਈ ਵਾਰ ਕੀਤੇ। ਰੌਲਾ ਪਾਉਣ ’ਤੇ ਭੀੜ ਇਕੱਠੀ ਹੋ ਗਈ, ਜਿਸ ਕਾਰਨ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਹਾਲਤ ਵਿੱਚ ਰਾਹੁਲ ਬਾਂਸਲ ਨੂੰ ਵੀਆਈਪੀ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ। ਉਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ।