ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਦੀ ਬਾਗ਼ੀ ਸੁਰ ਕਾਰਨ ਨਿਗਮ ਦੀ ਮੀਟਿੰਗ ਰੱਦ
ਨਗਰ ਕੌਂਸਲ ਦੇ ਹਾਊਸ ਦੀ ਅੱਜ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਇਤਰਾਜ਼ ਉਠਾਏ ਜਾਣ ਕਾਰਨ ਅਚਾਨਕ ਰੱਦ ਕਰ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਮੀਟਿੰਗ ਪ੍ਰਸ਼ਾਸਨਿਕ ਕਾਰਨਾਂ ਕਰਕੇ ਰੱਦ ਕੀਤੀ ਗਈ ਹੈ ਜਦੋਂਕਿ ਅਸਲ ਵਿਚ ਕੌਂਸਲਰਾਂ ਦੇ ਰੋਸ ਕਾਰਨ ਇਸ ਨੂੰ ਰੱਦ ਕੀਤਾ ਗਿਆ। ਬੀਤੇ ਦਿਨ ਮੀਟਿੰਗ ਦਾ ਜੋ ਏਜੰਡਾ ਵਾਰਡ ਕੌਂਸਲਰਾਂ ਨੂੰ ਭੇਜਿਆ ਗਿਆ, ਉਸ ਦੀਆਂ ਮਦਾਂ ਪੜ੍ਹ ਕੇ ਕੌਂਸਲਰਾਂ ਦੇ ਕੰਨ ਖੜ੍ਹੇ ਹੋ ਗਏ। ਲੰਬੇ ਸਮੇਂ ਤੋਂ ਆਗੂਆਂ ਤੇ ਅਧਿਕਾਰੀਆਂ ਦੀਆਂ ਮਨਮਾਨੀਆਂ ਤੋਂ ਨਾਰਾਜ਼ ਕੌਂਸਲਰਾਂ ਨੇ ਇਸ ਵਾਰ ਖੁੱਲ੍ਹ ਕੇ ਮੁਖਾਲਫ਼ਤ ਕਰਨ ਦਾ ਫ਼ੈਸਲਾ ਲਿਆ। ਇਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਕਾਂਗਰਸ ਤੇ ਭਾਜਪਾ ਦੇ ਮੈਂਬਰਾਂ ਨੇ ਮੀਟਿੰਗ ਦੇ ਬਾਈਕਾਟ ਦਾ ਫ਼ੈਸਲਾ ਲਿਆ, ਉੱਥੇ ਆਮ ਆਦਮੀ ਪਾਰਟੀ ਦੇ ਡੇਢ ਦਰਜਨ ਮੈਂਬਰਾਂ ਨੇ ਵੀ ਮੀਟਿੰਗ ਨੂੰ ਰੱਦ ਕਰਾਉਣ ਲਈ ਆਪਣੇ ਦਸਤਖਤਾਂ ਹੇਠ ਚਿੱਠੀ ਤਿਆਰ ਕਰ ਲਈ ਪਰ ਚਿੱਠੀ ਕਮਿਸ਼ਨਰ ਨੂੰ ਸੌਂਪੇ ਜਾਣ ਤੋਂ ਪਹਿਲਾਂ ਇਸ ਦੀ ਭਿਣਕ ਮੇਅਰ ਅਤੇ ‘ਆਪ’ ਦੇ ਵਿਧਾਇਕ ਨੂੰ ਲੱਗ ਗਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਮੈਂਬਰ ਨਹੀਂ ਮੰਨੇ ਤਾਂ ਮੀਟਿੰਗ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਘਟਨਾਕ੍ਰਮ ਕਰਕੇ ਵਿਧਾਇਕ ਅਤੇ ਮੇਅਰ ਨੂੰ ਕਾਫੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਕੌਂਸਲਰਾਂ ਨੇ ਕਿਹਾ ਕਿ ਨਿਗਮ ਸਿਆਸੀ ਦਬਾਅ ਹੇਠ ਨਾਗਰਿਕ ਸਹੂਲਤਾਂ ਦਾ ਨਿੱਜੀਕਰਨ ਕਰ ਰਿਹਾ ਹੈ। ਇਸ ਨਾਲ ਜਿੱਥੇ ਜਨਤਾ ਪ੍ਰਤੀ ਜਵਾਬਦੇਹੀ ਘਟ ਜਾਵੇਗੀ, ਉੱਥੇ ਨਿਗਮ ਨੂੰ ਵਿੱਤੀ ਘਾਟਾ ਵੀ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਕੌਂਸਲਰਾਂ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਹੀ ਏਜੰਡਾ ਤਿਆਰ ਕਰ ਲਿਆ ਜਾਂਦਾ ਹੈ। ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਪਹਿਲਾਂ ਸਿਰਫ ਉਨ੍ਹਾਂ ਦੇ ਵਾਰਡਾਂ ਨਾਲ ਹੀ ਵਿਤਕਰਾ ਹੁੰਦਾ ਸੀ ਪਰ ਹੁਣ ਸੱਤਾਾਧਾਰੀ ਪਾਰਟੀ ਦੇ ਮੈਂਬਰ ਵੀ ਮਨਮਾਨੀਆਂ ਦਾ ਸ਼ਿਕਾਰ ਹੋ ਰਹੇ ਹਨ।
ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਪਹਿਲੇ ਏਜੰਡੇ ਨੂੰ ਰੱਦ ਕਰਕੇ ਨਵੇਂ ਸਿਰਿਉਂ ਲੋਕ ਹਿਤੈਸ਼ੀ ਏਜੰਡਾ ਤਿਆਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਹਾਊਸ ਦੀ ਮੀਟਿੰਗ ਨਹੀਂ ਹੋਣ ਦੇਣਗੇ।
ਪ੍ਰਸ਼ਾਸਨਿਕ ਕਾਰਨਾਂ ਕਰਕੇ ਨਹੀਂ ਹੋਈ ਮੀਟਿੰਗ: ਕਮਿਸ਼ਨਰ
ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਕਿਹਾ ਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਅੱਜ ਦੀ ਮੀਟਿੰਗ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਏਜੰਡੇ ਬਾਰੇ ਮੇਅਰ ਹੀ ਦੱਸ ਸਕਦੇ ਹਨ। ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨਾਲ ਸੰਪਰਕ ਨਹੀਂ ਹੋ ਸਕਿਆ।