ਹੜਤਾਲ ਕਾਰਨ ਨਗਰ ਕੌਂਸਲ ਦਾ ਕੰਮਕਾਜ ਛੇ ਦਿਨਾਂ ਤੋਂ ਠੱਪ
w ਸ਼ਹਿਰ ਵਿੱਚ ਕੂਡ਼ੇ ਦੇ ਢੇਰ ਲੱਗੇ w ਕੂਡ਼ਾ-ਕਰਕਟ ਦਾ ਠੇਕਾ ਨਿੱਜੀ ਕੰਪਨੀਆਂ ਨੂੰ ਦੇਣ ਖ਼ਿਲਾਫ਼ ਰੋਸ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਵਾਲਮੀਕਿ ਸਮਾਜ ਬਚਾਓ ਮੋਰਚਾ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਭੋਗਪੁਰ ਦੇ ਦਰਜਾ ਚਾਰ ਮੁਲਾਜ਼ਮਾਂ ਨੇ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਕੌਂਸਲ ਦੇ ਦਫ਼ਤਰ ਅੱਗੇ ਪਿਛਲੇ ਛੇ ਦਿਨਾਂ ਤੋਂ ਧਰਨਾ ਅਤੇ ਹੜਤਾਲ ਕੀਤੀ ਹੋਣ ਕਰਕੇ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗ ਗਏ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਹੋਰ ਕੰਮਕਾਜ ਵੀ ਠੱਪ ਪਏ ਹਨ। ਪ੍ਰਧਾਨ ਸ਼ਾਮ ਲਾਲ ਅਤੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਡੋਰ ਟੂ ਡੋਰ ਸੋਲਿਡ ਕੁਲੈਕਸ਼ਨ, ਵਾਟਰ ਸਪਲਾਈ, ਸੀਵਰੇਜ ਦੀ ਮੈਂਟੀਨੇਸ, ਰੋਡ ਸਵੀਪਿੰਗ ਦਾ ਕੰਮ ਨਿੱਜੀ ਕੰਪਨੀਆਂ ਵੱਲੋਂ ਕਰਾਉਣ ਦੇ ਟੈਂਡਰ ਲਗਾ ਕੇ ਕਰਾਉਣ ਨਾਲ ਪਹਿਲਾਂ ਕੰਮ ਕਰ ਰਹੇ ਮੁਲਾਜ਼ਮਾਂ ਦੀ ਨੌਕਰੀ ‘ਤੇ ਤਲਵਾਰ ਲਟਕ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਤਿੰਨ ਸਾਲ ਦੀ ਨੀਤੀ ਅਪਣਾਈ ਜਾਵੇ ਅਤੇ ਜੇਕਰ ਸਫਾਈ ਸੇਵਕ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਨਗਰ ਕੌਂਸਲ ਭੋਗਪੁਰ ਦੇ ਕਲਰਕ, ਡਰਾਇਵਰ, ਚੌਕੀਦਾਰ, ਸਫਾਈ ਸੇਵਕ, ਸੀਵਰੇਜਮੈਨ ਦੇ ਬਿਮਾਰ ਹੋਣ ’ਤੇ ਕੈਸ਼ਲੈੱਸ ਸਕੀਮ ਅਨੁਸਾਰ ਇਲਾਜ ਮੁਫ਼ਤ ਹੋਵੇ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਜਦ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨਾਲ ਧਰਨਾਕਾਰੀਆਂ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਭੋਗਪੁਰ ਇਨ੍ਹਾਂ ਦੀਆਂ ਮੰਗਾਂ ਅਨੁਸਾਰ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਰਹੀ ਹੈ ਅਤੇ ਕੌਂਸਲਰਾਂ ਦੀ ਹਮਦਰਦੀ ਵੀ ਧਰਨਾਕਾਰੀਆਂ ਨਾਲ ਹੈ। ਧਰਨਾਕਾਰੀਆਂ ਨੂੰ ਹੜਤਾਲ ਖਤਮ ਕਰਕੇ ਕੌਂਸਲ ਦੇ ਕੰਮਾਂ ਨੂੰ ਕਰਨਾ ਜਾਰੀ ਕਰ ਦੇਣਾ ਚਾਹੀਦਾ ਹੈ।
ਸ਼ਹਿਰ ਦੀ ਸਫ਼ਾਈ ਸਬੰਧੀ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਕੌਂਸਲਰਾਂ ਦੇ ਵਫ਼ਦ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਗੰਦਗੀ ਦੀ ਭਰਮਾਰ, ਬੰਦ ਪਈਆ ਸਟਰੀਟ ਲਾਈਟਾਂ ਅਤੇ ਸੀਵਰੇਜ ਵਿੱਚ ਰੁਕਾਵਟਾਂ ਦੀਆਂ ਸਮੱਸਿਆਵਾਂ ਬਾਰੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗੁਰੂ ਕੀ ਨਗਰੀ ਦੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਭਾਜਪਾ ਕੌਂਸਲਰ ਗਰੁੱਪ ਲੀਡਰ ਕੌਂਸਲਰ ਗੌਰਵ ਗਿੱਲ, ਅਸੈਂਬਲੀ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਡਾ. ਰਾਮ ਚਾਵਲਾ, ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਸਲਿਲ ਕਪੂਰ, ਪਰਮਜੀਤ ਸਿੰਘ ਬੱਤਰਾ ਆਦਿ ਸ਼ਾਮਲ ਸਨ।