ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ
ਬਹਾਦਰਜੀਤ ਸਿੰਘ
ਬਲਾਚੌਰ, 4 ਜੁਲਾਈ
ਇੱਥੇ ਰੂਪਨਗਰ ਕੌਮੀ ਮਾਰਗ ’ਤੇ ਪਿੰਡ ਮੁੱਤੋਂ ਦੇ ਨਜ਼ਦੀਕ ਤੇਜ਼ ਰਫ਼ਤਾਰ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਵਾਹਨ ਰੇਲਿੰਗ ਨਾਲ ਜਾ ਟਕਰਾਇਆ। ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਹੋ ਗਈ।
ਇਸ ਹਾਦਸੇ ਸਬੰਧੀ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਮੁੱਤੋਂ ਕੋਲ ਸੜਕ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਨੇ ਤੁਰੰਤ ਆਪਣੀ ਟੀਮ ਸਣੇ ਜਦੋਂ ਘਟਨਾ ਸਥਾਨ ’ਤੇ ਜਾ ਕੇ ਦੇਖਿਆ ਤਾਂ ਇੱਕ ਮੋਟਰਸਾਈਕਲ ਸੰਤੁਲਨ ਵਿਗੜਨ ਕਾਰਨ ਰੇਲਿੰਗ ਵਿੱਚ ਵੱਜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਾਦਸਾ ਹੋਣ ਸਮੇਂ ਉੱਥੋਂ ਇੱਕ ਫੌਜੀ ਅਫ਼ਸਰ ਜਾ ਰਿਹਾ ਸੀ। ਉਹ ਜ਼ਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਆਪਣੀ ਗੱਡੀ ਵਿੱਚ ਪਾ ਕੇ ਪਰਮਾਰ ਹਸਪਤਾਲ ਰੂਪਨਗਰ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਏਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੀ ਪਛਾਣ ਅਖਿਲ ਰਾਣਾ ਪੁੱਤਰ ਕੁਲਦੀਪ ਚੰਦ (23) ਵਾਸੀ ਬੈਜਨਾਥ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਮੋਟਰਸਾਈਕਲ ’ਤੇ ਜਲੰਧਰ ਤੋਂ ਜ਼ੀਰਕਪੁਰ ਵੱਲ ਜਾ ਰਿਹਾ ਸੀ ਪਰ ਉਹ ਜਦੋਂ ਪਿੰਡ ਮੁੱਤੋਂ ਨਜ਼ਦੀਕ ਪਹੁੰਚਿਆ ਤਾਂ ਤੇਜ਼ ਰਫ਼ਤਾਰ ਹੋਣ ਕਰ ਕੇ ਉਸ ਦਾ ਮੋਟਰਸਾਈਕਲ ਰੇਲਿੰਗ ਨਾਲ ਟਕਰਾ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦਿੱਤੀ।