ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮੋਟਰਸਾਈਕਲ ਰੈਲੀ
ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਖਟਕੜ ਕਲਾਂ ਪੁੱਜ ਕੇ ਸ਼ਹੀਦ ਨੂੰ ਸਿਜਦਾ
ਸ਼ਹੀਦ ਭਗਤ ਸਿੰਘ ਦੇ ਜਨਮ 118ਵੇਂ ਦਿਵਸ ਮੌਕੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਆਪਣੇ ਅਸਲੀ ਹੀਰੋ ਭਗਤ ਸਿੰਘ ਨੂੰ ਯਾਦ ਕਰਦਿਆਂ ਫ਼ਿਰਕਾਪ੍ਰਸਤੀ, ਬੇਰੁਜ਼ਗਾਰੀ, ਨਸ਼ਿਆਂ, ਅਨਪੜ੍ਹਤਾਂ, ਦਲਿਤਾਂ ਅਤੇ ਔਰਤਾਂ ਉੱਪਰ ਹੋ ਰਹੇ ਅਤਿਆਚਾਰ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸ ਮਾਰਚ ਦੀ ਅਗਵਾਈ ਮੱਖਣ ਸੰਗਰਾਮੀ, ਸੁਨੀਲ ਭੈਣੀ, ਗਗਨਦੀਪ ਗੱਗਾ, ਓਂਕਾਰ ਬਿਰਦੀ ਨੇ ਕੀਤੀ।
ਸ਼ਹੀਦ ਭਗਤ ਸਿੰਘ ਨੂੰ ਸਿੱਜਦਾ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਭਗਵੰਤ ਮਾਨ ਸਰਕਾਰ ਹਰਾ ਪੈੱਨ ਚਲਾਉਣਾ ਭੁੱਲ ਗਈ ਹੈ ਅਤੇ ਬੇਰੁਜ਼ਗਾਰੀ ਦੂਰ ਕਰਨ ਵਾਅਦਾ ਕਰਕੇ ਖਟਕੜ ਕਲਾਂ ਤੋਂ ਸਹੁੰ ਚੁੱਕਣ ’ਤੇ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਪਈਆਂ ਹਨ। ਇਸ ਦੌਰਾਨ ਖਟਕੜ ਕਲਾਂ ਵਿੱਚ ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਸਮਾਰਕ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਟੀਮ ਨਤਮਸਤਕ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਨੇ ਨੌਜਵਾਨ ਵਰਗ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਦੌਰਾਨ ਬਸਪਾ ਪੰਜਾਬ ਦੇ ਇੰਚਾਰਜ ਡਾ. ਨਛਤਰ ਪਾਲ ਵਿਧਾਇਕ ਹਲਕਾ ਨਵਾਂ ਸ਼ਹਿਰ ਅਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਨਮਨ ਕਰਨ ਖਟਕੜ ਕਲਾਂ ਪੁੱਜੀ।
ਚੇਤਨਪੁਰਾ (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ (ਪੰਜਾਬ) ਜ਼ਿਲ੍ਹਾ ਅੰਮ੍ਰਿਤਸਰ ਦੀ ਇਕਾਈ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਸ਼ਹੀਦ ਬਲਦੇਵ ਸਿੰਘ ਮਾਨ ਯਾਦਗਾਰ ਕੰਪਲੈਕਸ ਅਤੇ ਸ਼ਹੀਦ ਸਰਬਜੀਤ ਸਿੰਘ ਭਿੱਟੇਵੱਡ ਹਾਲ ਕੁੱਕੜਾਂਵਾਲਾ ਵਿਖੇ ਮਨਾਇਆ। ਇਸ ਮੌਕੇ ਮਾ. ਅਮਰੀਕ ਸਿੰਘ ਸੰਗਤਪੁਰਾ, ਸੁੱਚਾ ਸਿੰਘ ਤੇੜਾ, ਸੂਬਾ ਆਗੂ ਧਨਵੰਤ ਸਿੰਘ ਖ਼ਤਰਾਏ ਕਲਾਂ, ਬਾਪੂ ਸੁੱਚਾ ਸਿੰਘ ਖਤਰਾਏ ਕਲਾਂ, ਯੂਥ ਵਿੰਗ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਬਾਠ, ਰਜਿੰਦਰ ਸਿੰਘ ਭਲਾ ਪਿੰਡ ਸੂਬਾ ਆਗੂ, ਵਿਜੈ ਸ਼ਾਹ ਧਾਰੀਵਾਲ, ਕਾਬਲ ਸਿੰਘ ਛੀਨਾ, ਸਰਪੰਚ ਬਲਵਿੰਦਰ ਸਿੰਘ ਮਕਾਮ ਆਦਿ ਨੇ ਵਿਚਾਰ ਸਾਂਝੇ ਕੀਤੇ।
ਫਗਵਾੜਾ (ਜਸਬੀਰ ਸਿੰਘ ਚਾਨਾ): ਸਰਬ ਨੌਜਵਾਨ ਸਭਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ। ਸਮਾਗਮ ਦੌਰਾਨ ਐੱਨ ਆਰ ਆਈ ਹਰਜਿੰਦਰ ਕੰਡਾ ਫਰਾਂਸ ਨੇ ਕਿਹਾ ਕਿ ਭਗਤ ਸਿੰਘ ਵਰਗੀਆਂ ਸ਼ਖਸੀਅਤਾਂ ਹਮੇਸ਼ਾਂ ਜਵਾਨਾਂ ਲਈ ਪ੍ਰੇਰਨਾਸਰੋਤ ਰਹਿੰਦੀਆਂ ਹਨ। ਇਸ ਮੌਕੇ ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ, ਆਰ ਪੀ ਸ਼ਰਮਾ, ਜਗਜੀਤ ਸੇਠ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਗੁਲਸ਼ਨ ਕਪੂਰ, ਸ਼ੁਭਮ ਸ਼ਰਮਾ ਆਦਿ ਹਾਜ਼ਰ ਸਨ।
ਪਠਾਨਕੋਟ (ਐੱਨ ਪੀ ਧਵਨ): ਆਮ ਆਦਮੀ ਪਾਰਟੀ ਦੇ ਯੂਥ ਵਰਕਰਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ’ਤੇ ਸੁਜਾਨਪੁਰ ਵਿਖੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਖੂਨਦਾਨ ਕੈਂਪ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਸ਼ਿਰਕਤ ਕੀਤੀ ਅਤੇ ‘ਆਪ’ ਵਰਕਰਾਂ ਨੇ ਖੂਨਦਾਨ ਕੀਤਾ। ਇਸੇ ਤਰ੍ਹਾਂ ਦੇਸ਼ ਭਗਤ ਸਮਿਤੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਕੇਵਲ ਕ੍ਰਿਸ਼ਨ ਮਹਾਜਨ ਦੀ ਅਗਵਾਈ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਮਸ਼ਾਲ ਮਾਰਚ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ)ਦੀ ਇਕਾਈ ਸ਼ਾਹਕੋਟ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇੱਥੇ ਮਸ਼ਾਲ ਮਾਰਚ ਕੀਤਾ, ਜੋ ਕਸਬੇ ਦੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚੋਂ ਹੁੰਦਾ ਹੋਇਆ ਥਾਣੇ ਅੱਗੇ ਸਮਾਪਤ ਹੋਇਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਤਰਕਸ਼ੀਲ ਸੁਸਾਇਟੀ ਦੇ ਮੁਖੀ ਮਨਜੀਤ ਸਿੰਘ ਮਲਸੀਆਂ ਅਤੇ ਸੁਖਵਿੰਦਰ ਬਾਗਪੁਰ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਇੱਕ ਖੁੱਲ੍ਹੀ ਕਿਤਾਬ ਹੈ ਜਿਸਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਮੁਖ ਲੋੜ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀ ਜ਼ਿੰਦਗੀ ਵਿਚ ਤਬਦੀਲੀ ਸ਼ਹੀਦ ਭਗਤ ਸਿੰਘ ਦੇ ਰੁਸ਼ਨਾਏ ਰਾਹ ’ਤੇ ਚੱਲਣ ਨਾਲ ਹੀ ਆ ਸਕਦੀ ਹੈ। ਉਨ੍ਹਾਂ ਕਿਰਤੀਆਂ ਨੂੰ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਮਸ਼ਾਲ ਮਾਰਚ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਪਾਲ ਬਿੱਟੂ ਤੇ ਸੁਖਜਿੰਦਰ ਲਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮੋਹਨ ਸਿੰਘ ਬੱਲ ਆਦਿ ਹਾਜ਼ਰ ਸਨ।