ਐੱਨਪੀ ਧਵਨ
ਪਠਾਨਕੋਟ, 11 ਮਈ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਅੱਜ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਸ਼ਹੀਦ ਸੀਆਰਪੀਐੱਫ ਦੇ ਕਾਂਸਟੇਬਲ ਮਨਦੀਪ ਕੁਮਾਰ ਦੀ ਮਾਂ ਕੁੰਤੀ ਦੇਵੀ ਨੂੰ ‘ਮਾਂ ਦਿਵਸ’ ਮੌਕੇ ਸਨਮਾਨਿਤ ਕੀਤਾ ਗਿਆ ਅਤੇ ਮਨੋਬਲ ਵਧਾਇਆ। ਕਾਂਸਟੇਬਲ ਮਨਦੀਪ ਕੁਮਾਰ ਜੰਮੂ-ਕਸ਼ਮੀਰ ਦੇ ਪੁਲਵਾਮਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਸਿਖਲਾਈ ਪ੍ਰਾਪਤ ਅਤਿਵਾਦੀਆਂ ਨਾਲ ਲੜਦੇ ਹੋਏ ਸਾਲ 2018 ਵਿੱਚ ਸ਼ਹੀਦ ਹੋ ਗਿਆ ਸੀ। ਉਸ ਦੀ ਉਮਰ 27 ਸਾਲ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿੰਡ ਖੁਦਾਦਪੁਰ ਵਿੱਚ ਹੋਏ ਸਮਾਗਮ ਵਿੱਚ ਠਾਕੁਰ ਵਿਜੇ ਸਿੰਘ ਸਲਾਰੀਆ, ਐਸਡੀਓ ਨਰੇਸ਼ ਤ੍ਰਿਪਾਠੀ, ਕੈਪਟਨ ਜੋਗਿੰਦਰ ਸਿੰਘ, ਸੱਤ ਪਾਲ ਅਤਰੀ, ਰਾਜਪੂਤ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਹੁਲ ਰਾਮ ਠਾਕੁਰ, ਅਮਰਦੇਵ ਸਿੰਘ ਮਜੀਠੀਆ, ਬਲਜੀਤ ਸਿੰਘ ਮਜੀਠੀਆ, ਸੋਨੂੰ, ਚੰਚਲ ਦੇਵੀ, ਮਧੂ ਬਾਲਾ, ਨੇਹਾ ਰਾਣੀ, ਕੁਲਵੰਤ ਕੌਰ, ਭਜਨ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਇਹ ਵੀ ਸੰਯੋਗ ਦੀ ਗੱਲ ਹੈ ਕਿ ਅੱਜ ‘ਮਾਂ ਦਿਵਸ’ ਵਾਲੇ ਦਿਨ ਹੀ ਮਨਦੀਪ ਦਾ ਸ਼ਹੀਦੀ ਦਿਨ ਵੀ ਹੈ। ਇੱਕ ਬਹਾਦੁਰ ਪੁੱਤਰ ਦੀ ਮਾਂ ਨੂੰ ਸਨਮਾਨਿਤ ਕਰਨ ਨਾਲ ਸਹੀ ਅਰਥਾਂ ਵਿੱਚ ‘ਮਾਂ ਦਿਵਸ’ ਸਾਰਥਕ ਹੋ ਗਿਆ ਹੈ।
ਸ਼ਹੀਦ ਮਨਦੀਪ ਦੀ ਮਾਂ ਨੇ ਕਿਹਾ ਕਿ ਉਸ ਦਾ ਪੁੱਤਰ ਹਰ ਮਾਂ ਦਿਵਸ ’ਤੇ ਉਸ ਨੂੰ ਗੁਲਾਬ ਦਾ ਫੁੱਲ ਦਿੰਦਾ ਹੁੰਦਾ ਸੀ ਤੇ ਪੈਰ ਛੂਹ ਕੇ ਆਸ਼ੀਰਵਾਦ ਲੈਂਦਾ ਸੀ। ਹਰ ਸਾਲ ਜਦੋਂ ਮਾਂ ਦਿਵਸ ਆਉਂਦਾ ਹੈ, ਤਾਂ ਉਹ ਆਪਣੇ ਸ਼ਹੀਦ ਪੁੱਤਰ ਨੂੰ ਬਹੁਤ ਯਾਦ ਕਰਦੀ ਹੈ। ਉਸ ਦੇ ਜਾਣ ਨਾਲ ਉਹ ਦੁਖੀ ਹੈ ਪਰ ਉਸ ਦੀ ਕੁਰਬਾਨੀ ’ਤੇ ਉਸ ਨੂੰ ਮਾਣ ਵੀ ਹੈ।