ਜਗਜੀਤ ਸਿੰਘ
ਮੁਕੇਰੀਆਂ, 17 ਮਈ
ਇੱਥੇ ਦੇਰ ਸ਼ਾਮ ਟਰੱਕ ਵਲੋਂ ਐਕਟਿਵਾ ਸਵਾਰ ਮਾਂ ਧੀ ਨੂੰ ਟੱਕਰ ਮਾਰ ਦੇਣ ਕਾਰਨ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਜ਼ਖਮੀ ਹੋਈ ਧੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹਾਜੀਪੁਰ ਨੇੜਲੇ ਪਿੰਡ ਸਨੇਹੜਾ ਦੀ ਵਸਨੀਕ ਕੁਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਆਪਣੀ ਮਾਂ ਤਰਸੇਮ ਕੌਰ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਪੇਕੇ ਪਿੰਡ ਬੋਹੜਾਂ ਆਪਣੀ ਮਾਂ ਨੂੰ ਛੱਡਣ ਜਾ ਰਹੀ ਸੀ। ਜਦੋਂ ਉਹ ਮੁਕੇਰੀਆਂ ਦੀ ਭੰਗਾਲਾ ਚੁੰਗੀ ਨੇੜੇ ਪੈਂਦੇ ਮੱਲੀ ਢਾਬੇ ਕੋਲ ਪੁੱਜੀ ਤਾਂ ਪਿੱਛੇ ਤੋਂ ਆ ਰਹੇ ਕਸਬਾ ਮਾਨਸਰ ਜਾਂਦੇ ਟਰੱਕ (ਨੰਬਰ: ਐਚ ਆਰ 37 ਐਫ 4661) ਨੇ ਉਸਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਰਸੇਮ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦੋਂਕਿ ਕੁਲਵਿੰਦਰ ਕੌਰ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਮੁਕੇਰੀਆਂ ਦਾਖ਼ਲ ਕਰਵਾਇਆ ਗਿਆ। ਐਸਐਚਓ ਮੁਕੇਰੀਆਂ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਪਰ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।