ਜ਼ਿਲ੍ਹੇ ਦੇ ਕਸਬਾ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਵਿੱਚ ਸਕੂਲੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਮਾਂ ਦੀ ਮੌਤ ਹੋ ਗਈ ਜਦੋਂ ਕਿ ਧੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਧੀ ਨੂੰ ਸਿਵਲ ਹਸਪਤਾਲ ਦਸੂਹਾ ’ਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਮ੍ਰਿਤਕ ਔਰਤ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਹੈ। ਮੌਕੇ ’ਤੇ ਪੁੱਜੀ ਗੜ੍ਹਦੀਵਾਲਾ ਪੁਲੀਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।ਜਾਣਕਾਰੀ ਅਨੁਸਾਰ ਬਲਵਿੰਦਰ ਕੌਰ (58) ਵਾਸੀ ਰਾਮਗੜ੍ਹ ਕੁੱਲੀਆਂ (ਮੁਕੇਰੀਆਂ) ਆਪਣੀ ਲੜਕੀ ਮਨਪ੍ਰੀਤ ਕੌਰ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਗੜ੍ਹਦੀਵਾਲਾ ਦੇ ਪਿੰਡ ਅਰਗੋਵਾਲ ਤੋਂ ਪਿੰਡ ਸੱਜਣਾ ਜਾ ਰਹੀਆਂ ਸਨ। ਜਦੋਂ ਉਹ ਪਿੰਡ ਡੱਫਰ ਕੋਲ ਪੁੱਜੀਆਂ ਤਾਂ ਸਕੂਲੀ ਬੱਸ ਨੂੰ ਕਰਾਸ ਕਰਨ ਲੱਗਿਆਂ ਐਕਟਿਵਾ ਸਲਿੱਪ ਹੋਣ ਕਰਕੇ ਸੜਕ ਕਿਨਾਰੇ ਡਿੱਗ ਪਈ। ਐਕਟਿਵਾ ਦੇ ਪਿੱਛੇ ਬੈਠੀ ਬਲਵਿੰਦਰ ਕੌਰ ਸਕੂਲੀ ਬੱਸ ਦੀ ਲਪੇਟ ਵਿੱਚ ਆ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਦੇ ਕਿਨਾਰੇ ਡਿੱਗਣ ਕਾਰਨ ਉਸ ਦੀ ਧੀ ਗੰਭੀਰ ਜ਼ਖ਼ਮੀ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕਾ ਬਲਵਿੰਦਰ ਕੌਰ ਦੇ ਪਤੀ ਦੀ ਦੋ ਸਾਲ ਪਹਿਲਾਂ ਮੌਤ ਹੋਣ ਕਰਕੇ ਉਹ ਆਪਣੀ ਧੀ ਨਾਲ ਪਿੰਡ ਅਰਗੋਵਾਲ ਵਿੱਚ ਆਪਣੇ ਭਰਾ ਕੋਲ ਰਹਿ ਰਹੀ ਸੀ। ਗੜ੍ਹਦੀਵਾਲਾ ਪੁਲੀਸ ਨੇ ਮੌਕੇ ’ਤੇ ਪੁੱਜਕੇ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਪਿੰਡ ਡੱਫਰ ਦੀ ਐਬੂਲੈਂਸ ਰਾਹੀਂ ਮਨਪ੍ਰੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਲਾਸ਼ ਪੋਸਟਮਾਰਟਮ ਲਈ ਦਸੂਹਾ ਹਸਪਤਾਲ ਭੇਜ ਦਿੱਤੀ ਗਈ ਹੈ। ਪੁਲੀਸ ਨੇ ਸਕੂਲੀ ਬੱਸ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।