ਮੋਹਤਬਰਾਂ ਵੱਲੋਂ ਲੈਮਰਿਨ ’ਵਰਸਿਟੀ ਦੇ ਚਾਂਸਲਰ ਨਾਲ ਮੁਲਾਕਾਤ
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ (ਐੱਲਟੀਐੱਸਯੂ) ਰੈਲਮਾਜਰਾ ਵਿੱਚ ਨੇੜਲੇ 40 ਪਿੰਡਾਂ ਦੇ ਪੰਚਾਂ, ਸਰਪੰਚਾਂ ਨੇ ਐੱਲਟੀਐੱਸਯੂ ਦੇ ਚਾਂਸਲਰ ਨਿਰਮਲ ਸਿੰਘ ਰਾਇਤ ਨਾਲ ਮੁਲਾਕਾਤ ਕੀਤੀ। ਇਹ ਪਹਿਲੀ ਵਾਰ ਹੋਇਆ ਕਿ ਆਲੇ ਦੁਆਲੇ ਦੇ ਪਿੰਡ ਵਾਸੀਆਂ ਨੇ ਯੂਨੀਵਰਸਿਟੀ ਦੇ ਚਾਂਸਲਰ ਨਾਲ ਸਿੱਧੀ ਮੁਲਾਕਾਤ ਕੀਤੀ। ਨਿਰਮਲ ਸਿੰਘ ਰਾਇਤ ਨੇ ਇਸ ਰਾਬਤੇ ਦੀ ਕਮੀ ਨੂੰ ਦੂਰ ਕਰਦਿਆਂ ਸਾਂਝ ਨੂੰ ਮਜ਼ਬੂਤ ਕਰਨ ਵਾਲੀ ਸ਼ੁਰੂਆਤ ਕੀਤੀ। ਮੋਹਤਬਰ ਸ਼ਖਸ਼ੀਅਤਾਂ, ਪੰਚਾਂ, ਸਰਪੰਚਾਂ ਨੇ ਨਿਰਮਲ ਸਿੰਘ ਰਾਇਤ ਨੂੰ ਯੂਨੀਵਰਸਿਟੀ ਨੂੰ ਆਪਣੇ ਹੱਥਾਂ ’ਚ ਲੈ ਕੇ ਨਿਗਰਾਨੀ ਹੇਠ ਚਲਾਉਣ, ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਜਾਰੀ ਰੱਖਣ ਅਤੇ ਪਿੰਡਾਂ ਦੀ ਭਲਾਈ ਲਈ ਕੰਮ ਕਰਨ ਲਈ ਵੀ ਆਪਣੀਆਂ ਸਿਫਾਰਸ਼ਾਂ ਦਿੱਤੀਆਂ। ਨਿਰਮਲ ਸਿੰਘ ਰਾਇਤ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਿਆਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਉਣਗੇ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨਗੇ। ਇਸ ਮੌਕੇ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ. ਏ.ਐਸ. ਚਾਵਲਾ, ਰਜਿਸਟਰਾਰ ਬੀ.ਐੱਸ. ਸਤਿਆਲ, ਮੁੱਖ ਵਿੱਤ ਅਫਸਰ ਵਿਮਲ ਮਲਹੋਤਰਾ ਤੋਂ ਇਲਾਵਾ ਸਰਪੰਚ ਸਿਕੰਦਰ ਸਿੰਘ ਹਾਜ਼ਰ ਸਨ।