ਮਾਡਲ ਟਾਊਨ ਦਾ ਸੇਵਾ ਕੇਂਦਰ 12 ਘੰਟੇ ਖੁੱਲ੍ਹੇਗਾ
ਹਤਿੰਦਰ ਮਹਿਤਾ
ਜਲੰਧਰ, 13 ਜੁਲਾਈ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਮਾਡਲ ਟਾਊਨ ਦਾ ਸੇਵਾ ਕੇਂਦਰ ਹੁਣ 14 ਜੁਲਾਈ ਤੋਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ। ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਾ ਰਹੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਿੱਥੇ ਆਮ ਜਨਤਾ ਨੂੰ ਇਸਦਾ ਫਾਇਦਾ ਪਹੁੰਚੇਗਾ, ਉੱਥੇ ਨੌਕਰੀਆਂ ਜਾਂ ਹੋਰ ਕੰਮਕਾਰ ਕਰਨ ਵਾਲੇ ਵਿਅਕਤੀ ਵੀ ਇਸਦਾ ਲਾਹਾ ਲੈ ਸਕਣਗੇ। ਅਜਿਹੇ ਵਿਅਕਤੀ ਜਦੋਂ ਸ਼ਾਮ ਨੂੰ 5 ਵਜੇ ਤੱਕ ਆਪਣੇ ਕੰਮਕਾਰ ਤੋਂ ਵਿਹਲੇ ਹੁੰਦੇ ਸਨ, ਤਾਂ ਸੇਵਾ ਕੇਂਦਰ ਬੰਦ ਹੋ ਜਾਂਦੇ ਸਨ। ਹੁਣ ਉਹ ਰਾਤ ਦੇ 8 ਵਜੇ ਤੱਕ ਇਸ ਸੇਵਾ ਦਾ ਲਾਭ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਆਪਣੇ ਕੰਮ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਰਕੇ ਸੇਵਾ ਕੇਂਦਰ ਆਉਣ ਵਿੱਚ ਮੁਸ਼ਕਿਲ ਹੁੰਦੀ ਸੀ, ਉਹ ਹੁਣ ਸਵੇਰੇ-ਸ਼ਾਮ ਆਪਣਾ ਕੰਮ ਕਰਵਾ ਸਕਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਧੇ ਹੋਏ ਸਮੇਂ ਦਾ ਪੂਰਾ ਲਾਭ ਲੈਣ ਅਤੇ ਕਿਸੇ ਵੀ ਜਾਣਕਾਰੀ ਲਈ ਸੇਵਾ ਕੇਂਦਰ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।