ਮਨਰੇਗਾ ਮਜ਼ਦੂਰਾਂ ਨੇ ਖਾਲੀ ਭਾਂਡੇ ਖੜਕਾ ਕੇ ਆਜ਼ਾਦੀ ਦਿਵਸ ਮਨਾਇਆ
ਬਲਾਕ ਮਹਿਤਪੁਰ ਦੇ ਦੋ ਦਰਜ਼ਨ ਪਿੰਡਾਂ ਵਿਚ ਮਨਰੇਗਾ ਵਰਕਰਾਂ ਨੇ ਕਈ ਮਹੀਨਿਆਂ ਦੀ ਮਜ਼ਦੂਰੀ ਨਾ ਮਿਲਣ ਕਰਕੇ ਆਜ਼ਾਦੀ ਦਿਵਸ ਮੌਕੇ ਖਾਲੀ ਭਾਂਡੇ ਖੜਕਾ ਕੇ ਆਪਣਾ ਰੋਸ਼ ਜ਼ਾਹਰ ਕੀਤਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਖੁਰਸੈਦਪੁਰ, ਮੰਡਿਆਲਾ, ਬੁਲੰਦਾ, ਮਹਿਸਮਪੁਰ, ਨੱਤਾਂ, ਉੱਪਲਾਂ, ਬਾਲੋਕੀ, ਬੀੜ ਬਾਲੋਕੀ, ਬਾਲੋਕੀ ਖੁਰਦ, ਹਰੀਪੁਰ, ਰਾਏਪੁਰ ਗੁੱਜਰਾਂ ਅਤੇ ਵੇਰਾਂ ਸਣੇ ਕਰੀਬ 2 ਦਰਜ਼ਨ ਪਿੰਡਾਂ ਵਿਚ ਮਨਰੇਗਾ ਮਜ਼ਦੂਰਾਂ ਦੇ ਇਕੱਠਾਂ ਨੂੰ ਯੂਨੀਅਨ ਆਗੂ ਬਖਸ਼ੋ ਖੁਰਸੈਦਪੁਰ, ਸੋਮਾ ਰਾਣੀ, ਵਿਜੈ ਬਾਠ, ਸੰਤੋਖ ਰਾਮ, ਜਸਵਿੰਦਰ ਕੌਰ, ਹਰਵਿੰਦਰ ਕੌਰ ਬਖਸ਼ੋ ਮਡਿਆਲਾ, ਮਾਰਥਾ, ਪਰਮਜੀਤ, ਪਰਵੀਨ ਕੁਮਾਰੀ, ਲਵਲੀਨ ਕੌਰ, ਪੂਜਾ ਅਤੇ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਕਈ ਮਹੀਨਿਆਂ ਦੀ ਮਜ਼ਦੂਰੀ ਨਾ ਦੇ ਕੇ ਸਰਕਾਰ ਨੇ ਉਨ੍ਹਾਂ ਦੀ ਆਜ਼ਾਦੀ ਦਾ ਰੰਗ ਫਿੱਕਾ ਪਾ ਦਿੱਤਾ ਹੈ। ਜਦੋਂ ਦੇਸ਼ ਭਰ ਵਿਚ ਹਾਕਮ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ ਤਾਂ ਉਸ ਸਮੇਂ ਮਜ਼ਦੂਰ ਆਪਣੇ ਚੁੱਲਿਆਂ ਨੂੰ ਤਪਾਉਣ ਲਈ ਤਰਸ ਰਹੇ ਸਨ। ਉਨ੍ਹਾਂ ਐਲਾਨ ਕੀਤਾ ਕਿ ਜੇ ਮਜ਼ਦੂਰਾਂ ਨੂੰ ਜਲਦ ਉਨ੍ਹਾਂ ਦਾ ਮਿਹਨਤਾਨਾ ਨਾ ਦਿੱਤਾ ਗਿਆ ਤਾਂ ਉਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਹਿਤਪੁਰ ਦਾ ਘਿਰਾਉ ਕਰਨਗੇ।