ਵਿਧਾਇਕਾ ਨੇ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਕੀਤਾ ਦੌਰਾ
ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਅਧਿਕਾਰੀਆਂ ਨਾਲ ਪਿੰਡ ਔਲੀਆ ਪੁਰ ਵਿਖੇ ਅੱਜ ਸਤਲੁਜ ਦਰਿਆ ਦੇ ਵੱਖ ਵੱਖ ਬੰਨ੍ਹਾਂ ਦਾ ਦੌਰਾ ਕੀਤਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੇ ਕੰਢਿਆਂ ’ਤੇ ਮਜ਼ਬੂਤੀ ਨਾਲ ਬੰਨ੍ਹ ਬਣਵਾਏ ਗਏ ਹਨ ਅਤੇ ਡੰਗਿਆ ਨੂੰ ਵੀ ਮੁਰੰਮਤ ਕਰਕੇ ਮਜ਼ਬੂਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਢੁਕਵੇਂ ਇੰਤਜ਼ਾਮ ਰੱਖੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਰਨਵੀਰ ਸਿੰਘ, ਹਰਮੇਸ਼ ਸਿੰਘ, ਕਰਮਜੀਤ ਸੈਣੀ, ਹਰਦੇਵ ਸਿੰਘ ਸੈਣੀ, ਸਰਪੰਚ ਰਾਣਾ ਤਰਸੇਮ ਸਿੰਘ, ਸਰਪੰਚ ਪੁਸ਼ਵਿੰਦਰ ਸਿੰਘ, ਸਰਪੰਚ ਜਸਪਾਲ ਸਿੰਘ, ਸਰਪੰਚ ਦਾਰਾ ਸਿੰਘ, ਅਸ਼ੋਕ ਕੁਮਾਰ, ਸਰਪੰਚ ਕਮਲਜੀਤ, ਬਬਲੂ ਤੇ ਸਰਪੰਚ ਝਲਮਨ ਸਿੰਘ ਆਦਿ ਸਮੂਹ ਪਿੰਡ ਵਾਸੀ ਹਾਜ਼ਰ ਸਨ।