ਵਿਧਾਇਕ ਵੱਲੋਂ ਸ਼ਹੀਦ ਹਰਦੇਵ ਪਾਲ ਨਈਅਰ ਮਾਰਗ ਦਾ ਉਦਘਾਟਨ
ਪੱਤਰ ਪ੍ਰੇਰਕ
ਦਸੂਹਾ, 1 ਜੁਲਾਈ
ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਦੇ ਯਤਨਾਂ ਸਦਕਾ ਸਥਾਨਕ ਤਲਾਬ ਰੋਡ ਦਾ ਨਾਂਅ ਹੁਣ ਸ਼ਹੀਦ ਹਰਦੇਵ ਪਾਲ ਨਈਅਰ ਰੋਡ ਰੱਖਿਆ ਗਿਆ ਹੈ। ਨਗਰ ਕੌਂਸਲ ਦੇ ਈਓ ਕਮਲਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਗਮ ਵਿੱਚ ਵਿਧਾਇਕ ਘੁੰਮਣ ਨੇ ਕਿਹਾ ਕਿ ਲੈਫਟੀਨੈਂਟ ਹਰਦੇਵ ਪਾਲ ਨਈਅਰ 1971 ਦੀ ਹਿੰਦ-ਪਾਕਿ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਚੁੱਕੇ ਹਨ ਜਿਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਸ਼ਹੀਦ ਦੇ ਪਰਿਵਾਰ ਵੱਲੋਂ ਕਈ ਦਹਾਕਿਆਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪਰ ਪਹਿਲੀਆਂ ਸਰਕਾਰਾਂ ਨੇ ਇਸ ਮੰਗ ਨੂੰ ਹਮੇਸ਼ਾ ਅਣਗੌਲਿਆ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਕਿਸੇ ਮਾਰਗ ਦੇ ਉਦਘਾਟਨੀ ਤੱਕ ਸੀਮਤ ਨਹੀਂ ਸੀ, ਸਗੋਂ ਇਹ ਹਲਕਾ ਵਾਸੀਆਂ ਵੱਲੋਂ ਆਪਣੇ ਸ਼ਹੀਦਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹੈ। ਇਸ ਮੌਕੇ ਸ਼ਹੀਦ ਦਾ ਭਤੀਜਾ ਪ੍ਰਣਵ ਨਈਅਰ, ਪਰਿਵਾਰਕ ਮੈਂਬਰ ਸ਼ਸ਼ੀ ਪ੍ਰਭਾ ਨਈਅਰ, ਕੰਚਨ, ਦਕਸ਼ਿਤਾ, ਡੀਐਸਪੀ ਬਲਜਿੰਦਰ ਸਿੰਘ ਜੋੜਾ, ਥਾਣਾ ਮੁਖੀ ਰਜਿੰਦਰ ਮਿਨਹਾਸ, ਬਾਊ ਅਰੁਣ, ਅਮਰਪ੍ਰੀਤ ਸੋਨੂੰ ਖਾਲਸਾ, ਠਾਕੁਰ ਬਲਦੇਵ, ਸੰਤੋਖ ਤੋਖੀ, ਨੰਬਰਦਾਰ ਸੁਖਵਿੰਦਰ ਇੰਦੂ ਤੇ ਹੋਰ ਪਤਵੰਤੇ ਮੌਜੂਦ ਸਨ।