ਹਜ਼ਾਰ ਰੁਪਏ ਦੇ ਲਾਲਚ ’ਚ ਨਾਬਾਲਗ ਨੇ ਚੋਰੀ ਕੀਤੀ
ਇੱਥੋਂ ਨੇੜਲੇ ਪਿੰਡ ਵਿੱਚ ਪਰਵਾਸੀ ਭਾਰਤੀ ਦੇ ਘਰੋਂ ਦਿਨ ਦਿਹਾੜੇ 12 ਹਜ਼ਾਰ ਰੁਪਏ ਦੀ ਚੋਰੀ ਕਰਨ ਵਾਲੇ ਨਾਬਾਲਗ ਨੂੰ ਪਿੰਡ ਵਾਲਿਆਂ ਨੇ ਖ਼ੁਦ ਹੀ ਕਾਬੂ ਕੀਤਾ ਹੈ। ਪੰਚਾਇਤ ਵੱਲੋਂ ਪਿੰਡ ਵਿੱਚ ਲਾਏ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ...
ਇੱਥੋਂ ਨੇੜਲੇ ਪਿੰਡ ਵਿੱਚ ਪਰਵਾਸੀ ਭਾਰਤੀ ਦੇ ਘਰੋਂ ਦਿਨ ਦਿਹਾੜੇ 12 ਹਜ਼ਾਰ ਰੁਪਏ ਦੀ ਚੋਰੀ ਕਰਨ ਵਾਲੇ ਨਾਬਾਲਗ ਨੂੰ ਪਿੰਡ ਵਾਲਿਆਂ ਨੇ ਖ਼ੁਦ ਹੀ ਕਾਬੂ ਕੀਤਾ ਹੈ। ਪੰਚਾਇਤ ਵੱਲੋਂ ਪਿੰਡ ਵਿੱਚ ਲਾਏ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਗਿਆ। ਨਾਬਾਲਗ ਨੇ ਇਹ ਚੋਰੀ ਹਜ਼ਾਰ ਰੁਪਏ ਦੇ ਲਾਲਚ ਵਿੱਚ ਕੀਤੀ ਸੀ। ਪਿੰਡ ਵਾਸੀ ਸੋਨੀਆ ਪਤਨੀ ਮੋਹਨ ਲਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਦੁਪਹਿਰ ਕਰੀਬ ਢਾਈ ਵਜੇ ਗੁਰਦਾਸਪੁਰ ਗਈ ਸੀ। ਉਹ ਜਦੋਂ ਸ਼ਾਮ ਛੇ ਵਜੇ ਵਾਪਸ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਘਰ ਵਿੱਚੋਂ 12 ਹਜ਼ਾਰ ਰੁਪਏ ਨਗਦੀ ਚੋਰੀ ਹੋ ਗਈ ਹੈ। ਉਸ ਦੇ ਘਰੋਂ ਦੋ ਮਹੀਨੇ ਪਹਿਲਾਂ ਵੀ ਛੇ ਹਜ਼ਾਰ ਰੁਪਏ ਦੀ ਚੋਰੀ ਹੋਏ ਸਨ। ਉਸ ਨੇ ਚੋਰੀ ਦੀ ਘਟਨਾ ਮਗਰੋਂ ਸਰਪੰਚ ਨੂੰ ਸੂਚਿਤ ਕੀਤਾ। ਪੰਚਾਇਤ ਨੇ ਘਰ ਦੇ ਆਲ਼ੇ-ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਪਿੰਡ ਦਾ ਨਾਬਾਲਗ ਲੜਕਾ ਦਿਖਾਈ ਦਿੱਤਾ। ਪਿੰਡ ਵਾਸੀਆਂ ਨੇ ਖ਼ੁਦ ਉਸ ਨੂੰ ਫੜ ਲਿਆ ਤੇ ਉਸ ਨੇ ਚੋਰੀ ਕਰਨ ਦੀ ਗੱਲ ਕਬੂਲ ਕਰ ਲਈ। ਉਸ ਨੇ ਹੀ ਦੋ ਮਹੀਨੇ ਪਹਿਲਾਂ ਵੀ ਇਸ ਘਰ ਵਿੱਚੋਂ ਚੋਰੀ ਕੀਤੀ ਸੀ।
ਲੜਕੇ ਨੇ ਖ਼ੁਲਾਸਾ ਕੀਤਾ ਕਿ ਪਿੰਡ ਦੇ ਦੋ ਨੌਜਵਾਨ ਭਰਾ ਬੰਦ ਘਰਾਂ ਦੀ ਰੇਕੀ ਕਰਦੇ ਸਨ ਤੇ ਉਸ ਨੂੰ ਚੋਰੀ ਕਰਨ ਲਈ ਕਹਿੰਦੇ ਸਨ। ਉਸ ਨੇ ਛੇ ਮਹੀਨੇ ਪਹਿਲਾਂ ਅਤੇ ਅੱਜ ਉਨ੍ਹਾਂ ਦੇ ਕਹਿਣ ’ਤੇ ਚੋਰੀਆਂ ਕੀਤੀਆਂ। ਉਹ ਉਸ ਨੂੰ ਹਰ ਚੋਰੀ ਲਈ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਦੇ ਸਨ।
ਸਦਰ ਪੁਲੀਸ ਸਟੇਸ਼ਨ ਤੋਂ ਪਹੁੰਚੇ ਏ ਐੱਸ ਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਨਾਬਾਲਗ ਵੱਲੋਂ ਦੱਸੇ ਦੋ ਨੌਜਵਾਨਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।

