ਮੰਤਰੀ ਵੱਲੋਂ ਦੋ ਨੇਚਰ ਪਾਰਕਾਂ ਤੇ ਨਾਨਕ ਬਗ਼ੀਚੀ ਦਾ ਉਦਘਾਟਨ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਇਥੇ ਕਿਹਾ ਕਿ ਇਸ ਸਾਲ ਵੀ ਜੰਗਲਾਤ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪਠਾਨਕੋਟ ਜ਼ਿਲ੍ਹੇ ਅੰਦਰ 3.50 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਉਹ ਜ਼ਿਲ੍ਹਾ ਪੱਧਰੀ ਵਣ ਮਹਾਂ-ਉਤਸਵ ਸਮਾਗਮ ਤਹਿਤ ਮਲਿਕਪੁਰ ਚੌਕ ਅਤੇ ਕੋਟਲੀ ਵਿੱਚ ਦੋ ਨੇਚਰ ਪਾਰਕਾਂ ਦੇ ਉਦਘਾਟਨ ਕਰਦੇ ਸਮੇਂ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕੋਟਲੀ ਵਿਖੇ ਨੇਚਰ ਪਾਰਕ ਵਿੱਚ ਨਾਨਕ ਬਗੀਚੀ ਦਾ ਵੀ ਤ੍ਰਿਵੈਣੀ (ਬੋਹੜ, ਪਿਪਲ ਤੇ ਨਿੰਮ) ਦਾ ਰੁੱਖ ਲਗਾ ਕੇ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜਾਗਰੂਕ ਕੀਤਾ। ਡੀਐਫਓ ਧਰਮਵੀਰ ਦੈੜੂ (ਆਈਐਫਐਸ) ਨੇ ਦੱਸਿਆ ਕਿ ਮਲਿਕਪੁਰ ਚੌਕ ਦੀ ਇਹ ਜ਼ਮੀਨ ਪਹਿਲਾਂ ਬਿਲਕੁਲ ਖਾਲੀ ਪਈ ਹੋਈ ਸੀ, ਜੋ ਕਿ ਅਕਸਰ ਨਜਾਇਜ਼ ਕਬਜ਼ਿਆਂ ਦੀ ਸ਼ਿਕਾਰ ਰਹਿੰਦੀ ਸੀ। ਹੁਣ ਇੱਥੇ ਮਾਈਕਰੋ ਫਾਰੈਸਟ ਤਿਆਰ ਕੀਤਾ ਗਿਆ ਹੈ, ਜਿਸ ਵਿੱਚ 45 ਕਿਸਮਾਂ ਦੇ ਕੁੱਲ 800 ਰੁੱਖ ਲਗਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ 200 ਨਾਨਕ ਬਾਗੀਚੀਆਂ ਜ਼ਿਲ੍ਹਾ ਪਠਾਨਕੋਟ ਵਿੱਚ ਵਿਕਸਤ ਕੀਤੀਆਂ ਗਈਆਂ ਸਨ। ਇਸ ਸਾਲ 60 ਹੋਰ ਨਾਨਕ ਬਾਗੀਚੀਆਂ ਬਣਾਈਆਂ ਜਾਣਗੀਆਂ।
ਇਸ ਤੋਂ ਪਹਿਲਾਂ ਚੌਹਾਨ ਮੈਡੀਸਿਟੀ ਹਸਪਤਾਲ ਦੇ ਡਾ. ਦਲਜੀਤ ਚੌਹਾਨ ਨੇ ਕਿਹਾ ਕਿ ਉਨ੍ਹਾਂ ਜੰਗਲਾਤ ਵਿਭਾਗ ਦੀ ਵਿਅਰਥ ਪਈ ਜ਼ਮੀਨ ਤੇ ਅਨੋਖੇ ਕਿਸਮ ਦਾ ਪਾਰਕ ਤਿਆਰ ਕਰਕੇ ਦਿੱਤਾ ਹੈ। ਇਸ ਸਮੇਂ ਬਲਾਕ ਪ੍ਰਧਾਨ ਸੰਦੀਪ ਕੁਮਾਰ, ਸੋਹਣ ਲਾਲ ਤੇ ਬਲਜਿੰਦਰ ਕੌਰ ਵੀ ਹਾਜ਼ਰ ਸਨ।