ਮੰਤਰੀ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੱੈੱਕ ਦਿੱਤੇ
ਦੀਵਾਲੀ ਤੋਂ ਪਹਿਲਾਂ 21 ਹੋਰ ਪਿੰਡਾਂ ਵਿੱਚ ਵੰਡਿਆ ਜਾਵੇਗਾ ਮੁਆਵਜ਼ਾ: ਕਟਾਰੂਚੱਕ
ਪੰਜਾਬ ਸਰਕਾਰ ਦੇ ‘ਮਿਸ਼ਨ ਪੁਨਰਵਾਸ’ ਤਹਿਤ ਅੱਜ 9 ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੇ ਇੱਕ ਕਰੋੜ 67 ਲੱਖ ਰੁਪਏ ਦੇ ਮੁਆਵਜ਼ੇ ਦੇ ਚੈੱਕ ਵੰਡੇ ਗਏ। ਮੁਆਵਜ਼ੇ ਦੇ ਚੈੱਕ ਦੇਣ ਲਈ ਪਿੰਡ ਮਾਖਨਪੁਰ ਅਤੇ ਰਕਵਾਲ ਵਿਖੇ ਵੱਖ-ਵੱਖ ਸਮਾਗਮ ਹੋਏ ਜਿਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੜ੍ਹ ਪ੍ਰਭਾਵਿਤ 130 ਪਰਿਵਾਰਾਂ ਨੂੰ 31 ਲੱਖ ਰੁਪਏ ਦਾ ਫਸਲਾਂ ਦਾ ਮੁਆਵਜ਼ਾ ਦਿੱਤਾ ਗਿਆ ਸੀ ਜਦ ਕਿ ਅੱਜ ਵੀ ਪਿੰਡ ਮਾਖਨਪੁਰ, ਗੱਜੂ ਜਗੀਰ, ਗੱਜੂ ਖਾਲਸਾ, ਢੀਂਡਾ, ਜੈਦਪੁਰ, ਰਕਵਾਲ, ਛੰਨੀ ਗੁਜਰਾਂ, ਬਰਮਾਲ ਜੱਟਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ 21 ਹੋਰ ਪਿੰਡਾਂ ਅੰਦਰ ਫਸਲਾਂ ਦੇ ਮੁਆਵਜ਼ੇ ਦੇ ਚੈੱਕ ਵੰਡੇ ਜਾਣਗੇ।
ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ
ਭੁਲੱਥ (ਦਲੇਰ ਸਿੰਘ ਚੀਮਾ): ਹਲਕਾ ਇੰਚਾਰਜ ਤੇ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਭੰਡਾਲ ਬੇਟ ਵਿਖੇ ਮੁਆਵਜ਼ੇ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ। ਲਗਾਤਾਰ ਦੂਜੇ ਦਿਨ ਪਿੰਡ ਭੰਡਾਲ ਬੇਟ, ਕੋਟਲੀ, ਗੁਰਮੁਖ ਸਿੰਘ ਵਾਲਾ, ਮੰਡ ਰਾਮਪੁਰ, ਮੰਡ ਜਾਤੀ ਕੇ, ਮੰਡ ਭੰਡਾਲ ਬੇਟ, ਚੱਕੋਕੀ ਦੇ ਕਿਸਾਨਾਂ ਨੂੰ ਮਨਜ਼ੂਰੀ ਪੱਤਰ ਸੌਂਪੇ, ਰਾਸ਼ੀ ਪ੍ਰਭਾਵਿਤ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਆ ਚੁੱਕੀ ਹੈ ।
ਬਲਾਚੌਰ ਖੇਤਰ ਦੇ 13 ਪਿੰਡਾਂ ਲਈ ਮੁਆਵਜ਼ਾ ਰਾਸ਼ੀ ਜਾਰੀ
ਬਲਾਚੌਰ (ਬਹਾਦਰਜੀਤ ਸਿੰਘ): ਪੰਜਾਬ ਸਰਕਾਰ ਨੇ ਸਬ-ਡਵੀਜ਼ਨ ਦੇ 13 ਪਿੰਡਾਂ ਦੇ 164 ਕਿਸਾਨਾਂ ਨੂੰ ਹੜ੍ਹਾਂ ਨਾਲ ਫ਼ਸਲਾਂ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਉਪਰੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ। ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹੋਏ ਨੁਕਸਾਨ ਦੀ ਬਣਦੀ ਭਰਪਾਈ ਲਈ ਵਚਨਬੱਧ ਹੈ। ਬਲਾਚੌਰ ਸਬ-ਡਵੀਜ਼ਨ ਦੇ ਪਿੰਡਾਂ ਦੀ ਗੱਲ ਕਰਦਿਆਂ ਵਿਧਾਇਕ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਦੁੱਗਰੀ, ਰੌਲੀ, ਪਰਾਗਪੁਰ, ਅਦਬ ਪਰਾਪੁਰ, ਅਦਬ ਤਾਜੋਵਾਲ, ਬੇਲਾ ਤਾਜੋਵਾਲ, ਖੋਜਾ, ਨੈਣੋਵਾਲ, ਸੰਗਰੂਰ ਪੰਜ ਪੇਡਾ, ਮੁਬਾਰਕਪੁਰ, ਬੰਗਾ ਬੇਟ, ਔਲੀਆਪੁਰ ਅਤੇ ਅਦਬ ਰੈਲ ਸ਼ਾਮਲ ਹਨ।