ਮੰਤਰੀ ਭਗਤ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ
ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਊਪੁਰ ਤੇ ਹੋਰਨਾਂ ਨੇੜਲੇ ਪਿੰਡਾਂ ਦਾ ਦੌਰਾ ਕਰ ਕੇ ਰਾਹਤ ਕਾਰਜਾ ਦਾ ਜਾਇਜ਼ਾ ਲਿਆ।
ਉਨ੍ਹਾਂ ਟਰੈਕਟਰ ਰਾਹੀਂ ਜਾ ਕੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਕੀਤੇ ਜਾ ਰਹੇ ਰਾਹਤ ਕੰਮਾਂ ਦੀ ਸਮੀਖਿਆ ਕੀਤੀ। ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਰ ਕੇ ਪ੍ਰਭਾਵਿਤ ਖੇਤਰਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਕੰਮ ’ਚ ਹੋਰ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਹਤ ਕੈਂਪਾਂ ਲੱਖ ਵਰਿਆਂਹ ਤੇ ਮੰਡ ਕੂਕਾ ਦੇ ਗੁਰਦੁਆਰਿਆਂ ਵਿੱਚ ਲੋਕਾਂ ਲਈ ਰਿਹਾਇਸ਼, ਦਵਾਈਆਂ, ਰਾਸ਼ਨ ਦੇ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਤੇ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਭਗਤ ਨੇ ਢਿੱਲਵਾਂ ਦੇ ਪ੍ਰਭਾਵਿਤ ਪਿੰਡਾਂ ਕੰਮੇਵਾਲ ਦੇ ਬਾਗੂਵਾਲ ਵਿਖੇ ਲੋਕਾਂ ਨੂੰ ਦਿੱਤੀ ਦਾ ਰਹੀ ਸਹਾਇਤਾ ਦਾ ਵੀ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੈਡੀਕਲ ਸਹਾਇਤਾ ਲਗਾਤਾਰ ਦਿੱਤੀ ਜਾ ਰਹੀ ਹੈ। ਔਰਤਾਂ ਨੂੰ ਸੈਨੇਟਰੀ ਪੈਡ ਤੇ ਸਿਹਤ ਸਹੂਲਤਾਂ ਲਈ ਹੋਰ ਸਾਮਾਨ ਦੀ ਵੰਡ ਕੀਤੀ ਗਈ ਹੈ। ਇਸ ਮੌਕੇ ਡੀ ਸੀ ਅਮਿਤ ਪੰਚਾਲ, ਐੱਸ ਐੱਸ ਪੀ ਗੌਰਵ ਤੂਰਾ ਆਦਿ ਹਾਜ਼ਰ ਸਨ।
ਮੰਤਰੀ ਨੇ ਪੇਚਿਸ਼ ਪੀੜਤਾਂ ਦਾ ਹਾਲ ਜਾਣਿਆ
ਜਲੰਧਰ (ਪੱਤਰ ਪ੍ਰੇਰਕ): ਮੰਤਰੀ ਮੋਹਿੰਦਰ ਭਗਤ ਨੇ ਅੱਜ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕਰਦਿਆਂ ਪੇਚਿਸ਼ ਪੀੜਤ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਸਿਹਤ ਵਿਭਾਗ ਨੂੰ ਕੀਤੀ ਕਿ ਮਰੀਜ਼ਾਂ ਦਾ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ।